ਸਿੱਖ ਹੈਰੀਟੇਜ ਸਕੂਲ ਟਾਕਾਨਿਨੀ ਵਿਖੇ ਮਨਾਇਆ ਗਿਆ ਬੱਚਿਆਂ ਦਾ ਸਲਾਨਾ ਇਨਾਮ ਵੰਡ ਸਮਾਰੋਹ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਬੀਤੇ ਦਿਨੀਂ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਸਿੱਖ ਹੈਰੀਟੇਜ ਸਕੂਲ ਵਲੋਂ ਬੱਚਿਆਂ ਦਾ ਸਲਾਨਾ ਇਨਾਮ ਵੰਡ ਸਮਾਰੋਹ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੂੰ ਇਨਾਮ ਤੇ ਤਕਸੀਮ ਕੀਤੇ ਗਏ। ਸਮਾਰੋਹ ਵਿੱਚ ਮੇਟ ਵਿਨਿਆਟਾ (ਚੇਅਰ ਆਫ ਮੇਨੂਰੇਵਾ ਲੋਕਲ ਬੋਰਡ), ਕੇਲਵੀਨ ਹਿਏਟ (ਮੈਂਬਰ ਆਫ ਪਾਪਾਕੁਰਾ ਲੋਕਲ ਬੋਰਡ), ਡੇਨੀਅਲ ਨਿਊਮਨ (ਮੇਨੂਰੇਵਾ ਪਾਪਾਕੁਰਾ ਵਾਰਡ ਕਾਉਂਸਲਰ) ਵਿਸ਼ੇਸ਼ ਤੌਰ ‘ਤੇ ਹਾਜਰੀ ਭਰਨ ਪੁੱਜੇ।
ਸਕੂਲ ਮੈਨੇਜਮੈਂਟ ਵਲੋਂ ਇਸ ਮੌਕੇ ਪੁੱਜੇ ਵਿਸ਼ੇਸ਼ ਮਹਿਮਾਨਾਂ ਦਾ ਬੱਚਿਆਂ ਦਾ, ਅਧਿਆਪਕਾਂ ਦਾ ਤੇ ਮਾਪਿਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ। ਦੱਸਦੀਏ ਕਿ ਸਿੱਖ ਹੈਰੀਟੇਜ ਸਕੂਲ ਨਿਊਜੀਲੈਂਡ ਵਿੱਚ ਪੈਦਾ ਹੋਏ ਸਿੱਖ ਬੱਚਿਆਂ ਵਿੱਚ ਸਿੱਖੀ ਸਿਧਾਂਤ ਤੇ ਪੰਜਾਬੀ ਮਾਂ ਬੋਲੀ ਦਾ ਗਿਆਨ ਪੈਦਾ ਕਰਨ ਵਿੱਚ ਬਹੁਤ ਹੀ ਜਿਆਦਾ ਸਹਾਈ ਸਾਬਿਤ ਹੋ ਰਿਹਾ ਹੈ ਤੇ ਇਸ ਲਈ ਸਮੂਹ ਸਕੂਲ ਮੈਨੇਜਮੈਂਟ ਵਧਾਈ ਦੀ ਪਾਤਰ ਬਣਦੀ ਹੈ। ਬੱਚਿਆਂ ਨੂੰ ਸਕੂਲ ਵਿੱਚ, ਕੀਰਤਨ ਗਾਇਨ, ਸਾਜਾਂ ਦੀ ਸਿੱਖਿਆ ਵੀ ਦਿੱਤੀ ਜਾਂਦੀ ਹੈ।
ਸਿੱਖ ਹੈਰੀਟੇਜ ਦੇ 7 ਬੱਚਿਆਂ (ਕਿਰਪਾਲ ਸਿੰਘ, ਸੁਖਮਨਦੀਪ ਕੌਰ, ਜੈਸਮੀਨ ਮਿਨਹਾਸ, ਰਵਨੀਤ ਕੌਰ, ਯੁਵਰਾਜ ਸਿੰਘ, ਬਲਜੋਤ ਕੌਰ, ਹਰਨੂਰ ਕੌਰ) ਨੇ ਸਾਲ 2023 ਵਿੱਚ ਹੋਈ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਏ ਪੰਜਾਬੀ ਦੇ ਕੰਪੀਟਿਸ਼ਨ ਵਿੱਚ ਵੀ ਹਿੱਸਾ ਲਿਆ ਸੀ, ਜਿਨ੍ਹਾਂ ਨੇ 74% ਤੋਂ 97% ਤੱਕ ਅੰਕ ਹਾਸਿਲ ਕੀਤੇ ਤੇ ਇਨ੍ਹਾਂ ਬੱਚਿਆਂ ਨੂੰ ਵੀ ਸਮਾਰੋਹ ਵਿੱਚ ਸਨਮਾਨਿਤ ਕੀਤਾ ਗਿਆ।