ਡਿਫੈਂਸ ਸਿੱਖ ਨੈੱਟਵਰਕ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਲੰਡਨ ਵਿੱਚ 3 ਦਿਨਾਂ ਧਾਰਮਿਕ ਸਮਾਗਮ

Spread the love

ਚੈਰਿਟੀ ਨੇ ਵੱਖ ਵੱਖ ਜੰਗਾਂ ਵਿੱਚ ਸ਼ਹੀਦ ਪਰਿਵਾਰ ਲਈ ਫੰਡ ਕੀਤਾ

ਲੰਡਨ – ਸਰਬਜੀਤ ਸਿੰਘ ਬਨੂੜ – ਡਿਫੈਂਸ ਸਿੱਖ ਨੈੱਟਵਰਕ (DSN) ਨੇ ਬਰਤਾਨੀਆ ਦੇ ਲੋਕਾਂ ਨੂੰ ਸਿੱਖ ਸੱਭਿਆਚਾਰ ਅਤੇ ਧਰਮ ਪ੍ਰਤੀ ਜਾਗਰੂਕਤਾ ਵਧਾਉਣ ਦੇ ਯੋਗ ਬਣਾਉਣ ਤੇ ਸਮੂਹ ਸ਼ਹੀਦਾਂ ਦੀ ਮਿੱਠੀ ਤੇ ਨਿੱਘੀ ਯਾਦ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਪਾਰਕ ਐਵੇਨਿਊ, ਸਾਊਥਾਲ, ਵਿੱਚ ਤਿੰਨ ਦਿਨਾਂ ਸਮਾਗਮ ਕਰਵਾਏ ਗਏ। ਇਸ ਮੌਕੇ ਗੁਰਦਵਾਰਾ ਸਾਹਿਬ ਵਿੱਚ ਅਰੰਭ ਕੀਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਸਰਜੈਂਟ ਸ ਰਣਜੀਤ ਸਿੰਘ, ਸਿੱਖ ਚੈਪਲਿਨ ਬੀਬੀ ਮਨਦੀਪ ਕੋਰ ਨੇ ਅਰਦਾਸ ਤੇ ਕੀਰਤਨ ਕੀਤਾ ਗਿਆ। ਉਨ੍ਹਾਂ ਸਿੱਖ ਫ਼ੌਜੀਆਂ ਦੀ ਜ਼ਿੰਦਗੀ ਬਾਰੇ ਚਾਨਣਾ ਪਾਇਆ ਗਿਆ। ਉਨ੍ਹਾਂ ਕਿਹਾ ਕਿ ਸਿੱਖ ਫੌਜੀਆਂ ਦੀਆਂ ਕੁਰਬਾਨੀ ਨੂੰ ਯਾਦ ਰੱਖੋ ਅਤੇ ਸਾਡੇ ਸ਼ਹੀਦਾਂ ਦੇ ਅਤੀਤ ਅਤੇ ਵਰਤਮਾਨ ਤੋਂ ਪ੍ਰੇਰਨਾ ਲੈ ਕੇ ਹਥਿਆਰਬੰਦ ਬਲਾਂ ਵਿੱਚ ਧਰਮ ਅਤੇ ਵਿਸ਼ਵਾਸ ਨੇ ਜੰਗਾਂ ਯੁੱਧਾਂ ਵਿੱਚ ਅੱਗੇ ਹੋ ਕੇ ਕੁਰਬਾਨੀਆਂ ਦਿੱਤੀਆਂ ਤੇ ਜਿੱਤਾਂ ਪ੍ਰਾਪਤ ਕੀਤੀਆਂ ਗਈਆਂ।
ਇਸ ਮੌਕੇ ਡਿਫੈਂਸ ਸਿੱਖ ਨੈੱਟਵਰਕ ਨੇ ਆਮ ਲੋਕਾਂ ਨੂੰ ਫੌਜ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਗਿਆ। ਸਮਾਗਮ ਵਿੱਚ ਫੌਜ ਦੇ ਕਮਾਂਡਿੰਗ ਅਫਸਰਾਂ, ਮੇਜਰ ਤੋਂ ਇਲਾਵਾ ਸੀਪੀ ਰਸਵਿੰਦਰ ਸੂਦਨ, ਹਰੀ ਸਿੰਘ, ਰਾਜਬੀਰ ਕੋਰ ਬੱਲ ਤੇ ਦਰਜਨਾਂ ਸਿੱਖ ਫ਼ੌਜੀਆਂ ਨੇ ਪਰਿਵਾਰਾਂ, ਬੱਚਿਆਂ ਸਮੇਤ ਸ਼ਹੀਦੀ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਗਈ।
ਇਸ ਮੌਕੇ ਬਰਤਾਨੀਆਂ ਵਿੱਚੋਂ ਡਿਫੈਂਸ ਸਿੱਖ ਨੈੱਟਵਰਕ ਦੇ ਵਰਦੀ ਧਾਰੀ ਮੈਂਬਰਾਂ ਨੇ 72 ਘੰਟੇ ਅਖੰਡ ਪਾਠ ਦੀ ਸੇਵਾ ਕਰ ਮੇਜ਼ਬਾਨੀ ਦੇ ਨਾਲ ਗੁਰਦਵਾਰਾ ਸਾਹਿਬ ਵਿੱਚ ਵੱਖ-ਵੱਖ ਥਾਵਾ ਤੇ ਸੇਵਾਵਾਂ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਗਿਆ। ਇਹ ਪਹਿਲਾ ਮੌਕਾ ਸੀ ਜਦੋਂ ਵੈਸਟ ਲੰਡਨ ਵਿੱਚ ਯੂ.ਕੇ. ਆਰਮਡ ਫੋਰਸਿਜ਼ ਵਿੱਚ ਸਿੱਖਾਂ ਨੂੰ ਸੇਵਾ ਕਰਦੇ ਦੇਖਿਆ ਗਿਆ ਅਤੇ ਸਿੱਖ ਭਾਈਚਾਰੇ ਨਾਲ ਵੱਖ ਵੱਖ ਰੁਝੇਵਿਆਂ ਵਿੱਚੋਂ ਨਿਕਲ ਗੱਲ-ਬਾਤ ਕਰਨ ਦਾ ਸ਼ਾਨਦਾਰ ਮੌਕਾ ਮਿਲਿਆ। ਇਸ ਮੌਕੇ ਸਮੂਹ ਸਿੱਖ ਫ਼ੌਜੀਆਂ ਨੇ ਸੰਗਤਾਂ ਦੇ ਸਹਿਯੋਗ ਨਾਲ ਫ਼ੌਜੀਆਂ ਦੀ ਚੈਰਿਟੀ ਲਈ ਫੰਡ ਇਕੱਠਾ ਕਰ ਕੇ ਦਿੱਤਾ ਗਿਆ। ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸ ਹਿੰਮਤ ਸਿੰਘ ਸੋਹੀ, ਸ ਕੁਲਵੰਤ ਸਿੰਘ ਭਿੰਡਰ, ਸ ਚਰਨਪ੍ਰੀਤ ਸਿੰਘ ਬੱਲ ਨੇ ਸਮੁੱਚੇ ਭਾਈਚਾਰੇ ਵੱਲੋਂ ਸਹਿਯੋਗ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।