ਰਾਜਨੀਤੀ ਵੀ ਭਰਿਆ ਨੂੰ ਭਰਨ ਲੱਗੀ

Spread the love

ਦਰਜ਼ਨ ਦੇ ਕਰੀਬ ਮੰਤਰੀ ਵਿਧਾਇਕ ਲੋਕ ਸਭਾ ਚੋਣਾਂ ਦੇ ਅਖਾੜੇ ਵਿੱਚ ਕੁਦੇ

ਦਿੜ੍ਹਬਾ ਮੰਡੀ,04 ਮਈ ਸਤਪਾਲ ਖਡਿਆਲ

ਇੰਝ ਲੱਗਦਾ ਹੈ ਕਿ ਜਿਵੇਂ ਇਹ ਲੋਕ ਸਭਾ ਚੋਣਾਂ ਆਖਰੀ ਚੋਣਾਂ ਹੋਣ। ਜਿਵੇਂ ਇਸ ਤੋਂ ਬਾਅਦ ਕਦੇ ਮੁਲਕ ਵਿਚ ਚੋਣਾਂ ਹੀ ਨਾ ਹੋਣ। ਦੇਸ਼ ਵਿਚ ਹੋ ਰਹੀਆਂ ਆਮ ਚੋਣਾਂ ਵਿਚ ਜਿੱਥੇ ਦਲ ਬਦਲੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਉੱਥੇ ਇਹਨਾਂ ਚੋਣਾਂ ਨਾਲ ਦੇਸ਼ ਦਾ ਕਰਜ਼ਾਈ ਸੂਬਾ ਪੰਜਾਬ ਹੋਰ ਕਰਜ਼ਾਈ ਹੋ ਜਾਏਗਾ। ਰੰਗਲਾ ਪੰਜਾਬ ਬਣਾਉਣ ਦੇ ਨਾਅਰੇ ਲਾਉਣ ਵਾਲੇ ਸੱਤਾਧਾਰੀ ਸਿਰਫ ਸੱਤਾ ਹਥਿਆਉਣ ਲਈ ਜਿਸ ਤਰ੍ਹਾਂ ਦੀਆਂ ਨੀਤੀਆਂ ਅਪਣਾ ਰਹੇ ਹਨ, ਇਸ ਨਾਲ ਪੰਜਾਬ ਨੂੰ ਆਰਥਿਕ ਤੌਰ ਤੇ ਵੱਡਾ ਧੱਕਾ ਲੱਗੇਗਾ।
ਇਸ ਦਾ ਸਿੱਧਾ ਸਬੰਧ ਉਹਨਾਂ ਉਮੀਦਵਾਰਾਂ ਨਾਲ ਹੈ ਜੋ ਮੌਜੂਦਾ ਸਮੇਂ ਵਿਚ ਸਰਕਾਰ ਵਿਚ ਕੈਬਨਿਟ ਮੰਤਰੀ ਜਾ ਵਿਧਾਇਕ ਹਨ। ਜੇਕਰ ਚੋਣ ਮੈਦਾਨ ਵਿੱਚ ਨਿੱਤਰੇ ਸਾਰੇ ਵਿਧਾਇਕ ਮੰਤਰੀ ਜਿੱਤ ਜਾਂਦੇ ਹਨ ਤਾਂ ਖਾਲੀ ਹੋਈਆਂ ਸੀਟਾਂ ਤੇ ਦੁਬਾਰਾ ਚੋਣਾਂ ਹੋਣਗੀਆਂ ਤਾਂ ਸੂਬਾ ਸਰਕਾਰ ਵੱਲੋਂ ਵੱਡੇ ਪੱਧਰ ਤੇ ਖਰਚ ਕੀਤਾ ਜਾਵੇਗਾ। ਕਿਉਕਿ ਇਹਨਾਂ ਸੀਟਾਂ ਨੂੰ ਜਿੱਤਣਾ ਵੀ ਵੱਡਾ ਵੱਕਾਰ ਬਣ ਜਾਂਦਾ ਹੈ।
ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਿਨਾਂ ਲੋਕਾਂ ਨੂੰ ਮੰਤਰੀ ਮੰਡਲ ਵਿਚ ਹੁੰਦੀਆਂ ਵੀ ਪਾਰਲੀਮੈਂਟ ਦੀ ਚੋਣ ਲੜਾਈ ਜਾ ਰਹੀ ਹੈ ਕੀ ਉਹ ਪੰਜਾਬ ਲਈ ਜਿਆਦਾ ਕਾਬਲ ਨਹੀਂ ਸਨ। ਜਾ ਕਿਸੇ ਨੂੰ ਇਹਨਾਂ ਨਾਲ ਕੋਈ ਦਿੱਕਤ ਸੀ। ਜਾ ਮੌਜੂਦਾ ਸੱਤਾਧਿਰ ਕੋਲ ਹੁਣ ਕਾਬਿਲ ਆਗੂਆ ਦੀ ਕਮੀਂ ਪੈ ਗਈ ਹੈ।
ਦੂਜੇ ਪਾਸੇ ਪੰਜਾਬ ਕਾਂਗਰਸ ਨੇ ਆਪਣੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਤੇ ਸੀਨੀਅਰ ਨੇਤਾ ਵਿਧਾਇਕ ਸੁੱਖੀ ਰੰਧਾਵਾ ਨੂੰ ਮੈਦਾਨ ਵਿਚ ਉਤਾਰਿਆ ਹੈ ਉੱਥੇ ਕਈ ਲੋਕ ਟਿਕਟ ਤੋ ਨਾਰਾਜ਼ ਹੋ ਕੇ ਪਾਰਟੀ ਛੱਡ ਰਹੇ ਹਨ। ਇਹ ਕਿਹੋ ਜਿਹੀ ਰਣਨੀਤੀ ਤਿਆਰ ਹੈ। ਜੇਕਰ ਇਹ ਸਾਰੇ ਆਪ ਪਾਰਟੀ ਤੇ ਕਾਂਗਰਸ ਵਾਲੇ ਜਿੱਤਦੇ ਹਨ ਤਾਂ ਥੋੜ੍ਹੇ ਸਮੇਂ ਬਾਅਦ ਜਿਮਨੀ ਚੋਣਾਂ ਹੋਣਾਂ ਸੁਭਾਵਿਕ ਹੈ। ਇਸ ਨਾਲ ਜਨਤਾ ਤੇ ਹੋਰ ਆਰਥਿਕ ਬੋਝ ਪਵੇਗਾ।
ਇਸ ਦਾ ਸਿੱਧਾ ਮਤਲਬ ਹੈ ਕਿ ਜਨਤਾ ਜਾਵੇ ਢੱਠੇ ਖੂਹ ਸਾਨੂੰ ਆਪਣੀ ਕੁਰਸੀ ਪਿਆਰੀ ਹੈ।
ਕਈ ਹਲਕੇ ਹਨ ਜਿੱਥੇ ਕਈ ਮੰਤਰੀ ਵਿਧਾਇਕ ਆਹਮੋ ਸਾਹਮਣੇ ਹਨ, ਜਿਵੇਂ ਸੰਗਰੂਰ ਤੋਂ ਖੇਡ ਮੰਤਰੀ ਮੀਤ ਹੇਅਰ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ, ਗੁਰਦਾਸਪੁਰ ਤੋ ਵਿਧਾਇਕ ਜਸਵਿੰਦਰ ਸਿੰਘ ਸ਼ੈਰੀ ਕਲਸੀ ਆਪ ਤੇ ਕਾਂਗਰਸ ਤੋਂ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ, ਲੁਧਿਆਨਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਸੂਬਾ ਪ੍ਰਧਾਨ ਕਾਂਗਰਸ, ਵਿਧਾਇਕ ਪੱਪੀ ਪਰਾਸਰ, ਬਠਿੰਡਾ ਤੋਂ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਸ੍ਰੀ ਖੰਡੂਰ ਸਾਹਿਬ ਤੋਂ ਮੰਤਰੀ ਲਾਲਜੀਤ ਸਿੰਘ ਭੁੱਲਰ, ਹੁਸ਼ਿਆਰਪੁਰ ਤੋਂ ਡਾ ਰਾਜ ਕੁਮਾਰ ਚੱਬੇਵਾਲ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੈਦਾਨ ਵਿਚ ਹਨ।
ਇਹ ਸਾਰੇ ਲੋਕਾ ਨੂੰ ਪੰਜਾਬ ਦੀ ਜਨਤਾ ਨੇ ਪਹਿਲਾ ਹੀ ਝੰਡੀ ਵਾਲੀ ਕਾਰ ਵਿਚ ਬਿਠਾਇਆ ਹੋਇਆ ਹੈ। ਪਰ ਇਹਨਾਂ ਨੂੰ ਸਾਇਦ ਚੰਡੀਗੜ੍ਹ ਨੇੜੇ ਲੱਗਦਾ ਹੋਵੇ ਇਹ ਦਿੱਲੀ ਜਾਣ ਦੇ ਇੱਛੁਕ ਹੋਣ। ਪਰ ਅਰਬਾਂ ਰੁਪਏ ਦੇ ਕਰਜ਼ਾਈ ਪੰਜਾਬ ਦਾ ਫ਼ਿਕਰ ਛੱਡ ਸਭ ਆਪੇ ਨੂੰ ਪੂਰਨ ਲਈ ਲੱਗੇ ਹੋਏ ਹਨ।
ਹੁਣ ਪੰਜਾਬ ਦੇ ਲੋਕਾਂ ਦੀ ਸਮਝ ਨੂੰ ਪਰਖਣ ਦੀ ਘੜੀ ਹੈ ਕਿ ਉਹਨਾਂ ਦੀ ਸੋਚ ਪੰਜਾਬ ਪ੍ਰਤੀ ਕਿੰਨੀ ਕੁ ਗੰਭੀਰ ਹੈ।