ਸਟੂਡੈਂਟ ਵੀਜਾ ਲਈ ਸਖਤ ਕੀਤੇ ਨਿਯਮਾਂ ਦਾ ਖਮਿਆਜਾ ਖੁਦ ਆਸਟ੍ਰੇਲੀਆ ਨੂੰ ਹੀ ਭੁਗਤਣਾ ਪੈ ਰਿਹਾ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਨੇ ਇਮੀਗ੍ਰੇਸ਼ਨ ਦੇ ਆਂਕੜੇ ਸੁਧਾਰਨ ਲਈ ਬੀਤੇ ਸਮੇਂ ਵਿੱਚ ਸਟੂਡੈਂਟ ਵੀਜਾ ਸਬੰਧੀ ਕਈ ਕਰੜੇ ਨਿਯਮ ਜਾਰੀ ਕੀਤੇ ਹਨ, ਇਨ੍ਹਾਂ ਵਿੱਚ ਆਈਲੇਟਸ ਦੇ ਅੰਕਾਂ ਦੀ ਜਰੂਰਤ ਨੂੰ ਵਧਾਏ ਜਾਣ ਦੇ ਨਾਲ, ਲੋੜੀਂਦੇ ਫੰਡਾਂ ਵਿੱਚ ਭਾਰੀ ਵਾਧਾ ਸ਼ਾਮਿਲ ਹੈ। ਪਰ ਇਨ੍ਹਾਂ ਸਖਤ ਨਿਯਮਾਂ ਦਾ ਖਮਿਆਜਾ ਆਸਟ੍ਰੇਲੀਆ ਨੂੰ ਵੀ ਭੁਗਤਣਾ ਪੈ ਰਿਹਾ ਹੈ, ਕਿਉਂਕਿ ਪਹਿਲਾਂ ਤੋਂ ਹੀ ਹੈਲਥ ਸੈਕਟਰ ਦੇ ਕਰਮਚਾਰੀਆਂ ਦੀ ਘਾਟ ਨਾਲ ਲੜ੍ਹ ਰਹੇ ਆਸਟ੍ਰੇਲੀਆਈ ਹੈਲਥ ਸਿਸਟਮ ਲਈ ਹੋਰ ਦਿੱਕਤਾਂ ਪੈਦਾ ਹੋ ਰਹੀਆਂ ਹਨ। ਸਖਤ ਕੀਤੇ ਨਿਯਮਾਂ ਤੋਂ ਬਾਅਦ ਆਸਟ੍ਰੇਲੀਆ ਵਿੱਚ ਬੀਤੇ ਇੱਕ ਸਾਲ ਤੋਂ ਵੱਡੇ ਪੱਧਰ ‘ਤੇ ਨਰਸਿੰਗ ਵਿਦਿਆਰਥੀਆਂ ਦੀ ਕਮੀ ਆਈ ਹੈ ਤੇ ਭਵਿੱਖ ਵਿੱਚ ਇਸਨੂੰ ਲੈਕੇ ਆਸਟ੍ਰੇਲੀਆ ਦੇ ਹੈਲਥ ਸੈਕਟਰ ਲਈ ਚਿੰਤਾ ਵਧਣਾ ਸੁਭਾਵਿਕ ਹੈ।
ਫਿਲੀਪੀਨਜ਼ ਵਰਗੇ ਦੇਸ਼ ਜਿੱਥੋਂ ਵੱਡੇ ਪੱਧਰ ‘ਤੇ ਨਰਸਿੰਗ ਦੇ ਵਿਦਿਆਰਥੀ ਆਸਟ੍ਰੇਲੀਆ ਪੜ੍ਹਣ ਆਉਂਦੇ ਹਨ, ਇਨ੍ਹਾਂ ਦੇਸ਼ਾਂ ਤੋਂ ਹੈਰਾਨੀਜਣਕ ਢੰਗ ਨਾਲ ਵਿਦਿਆਰਥੀਆਂ ਦੀ ਕਮੀ ਆਈ ਹੈ, ਸਾਲ ਦੇ ਪਹਿਲੇ 3 ਮਹੀਨਿਆਂ ਵਿੱਚ 500 ਤੋਂ ਵੀ ਘੱਟ ਵਿਦਿਆਰਥੀਆਂ ਨੇ ਇੱਥੇ ਪੜ੍ਹਣ ਲਈ ਅਪਲਾਈ ਕੀਤਾ ਹੈ।