ਪੰਜਾਬੀ ਮਾਲਕ ਦੀ ਕੰਪਨੀ ‘ਰੈੱਡ ਗਾਰਡ ਸਕਿਓਰਟੀ’ ਨੂੰ ERA ਨੇ ਵਿਆਜ ਸਮੇਤ ਮਹਿਲਾ ਕਰਮਚਾਰੀ ਦੀ ਤਨਖਾਹ ਅਦਾ ਕਰਨ ਦੇ ਦਿੱਤੇ ਹੁਕਮ

Spread the love

ਕੰਪਨੀ ਵਲੋਂ ਪੈਸੇ ਨਾ ਦਿੱਤੇ ਜਾਣ ‘ਤੇ ਮਾਲਕ ਪੱਲਿਓਂ ਭਰੇਗਾ ਪੈਸਾ
ਆਕਲੈਂਡ (ਹਰਪ੍ਰੀਤ ਸਿੰਘ) – ਸ਼ਬੀਨਾ ਮਨਸੂਰੀ ਨੇ ਰੈੱਡ ਗਾਰਡ ਸਕਿਓਰਟੀ ਕੰਪਨੀ ਵਲੋਂ ਟਾਕਾਨਿਨੀ ਦੇ ਬਰੂਸ ਪੁਲਮਨ ਪਾਰਕ ਵਿਖੇ ਨਾਈਟ ਸਕਿਓਰਟੀ ਗਾਰਡ ਦੀ ਨੌਕਰੀ ਕੀਤੀ ਸੀ, ਇਹ ਨੌਕਰੀ ਉਸਨੇ 1 ਮਾਰਚ ਤੋਂ 30 ਮਈ 2023 ਤੱਕ ਕੀਤੀ ਸੀ। ਕੰਪਨੀ ਦੀ ਮਲਕੀਅਤ ਹਰਪ੍ਰੀਤ ਸਿੰਘ ਦੇ ਨਾਮ ‘ਤੇ ਹੈ ਤੇ ਸ਼ਬੀਨਾ ਦਾ ਕਹਿਣਾ ਹੈ ਕਿ 30 ਮਈ ਤੱਕ ਜਦੋਂ ਤੱਕ ਉਸਨੇ ਰੈੱਡ ਗਾਰਡ ਸਕਿਓਰਟੀ ਕੋਲ ਕੰਮ ਕੀਤਾ ਤੱਦ ਤੱਕ ਮਾਲਕ ਨੇ ਤਨਖਾਹ ਦੇ ਮਾਮਲੇ ਇਹੀ ਲਾਰਾ ਲਾਈ ਰੱਖਿਆ ਕਿ ਉਸਦਾ ਸਿਸਟਮ ਹੈਕ ਹੋ ਗਿਆ ਹੈ, ਜਿਸ ਕਾਰਨ ਉਹ ਉਸਦੇ ਖਾਤੇ ਅਕਸੈਸ ਨਹੀਂ ਕਰ ਪਾ ਰਿਹਾ ਤੇ ਤਨਖਾਹ ਨਾ ਦਿੱਤੀ ਗਈ। ਦੂਜਾ ਬਹਾਨਾ ਮਾਲਕ ਨੇ ਇਹ ਬਣਾਇਆ ਕਿ ਬਰੂਸ ਪੁਲਮਨ ਪਾਰਕ ਨੇ ਉਸਨੂੰ ਪੇਅ ਨਹੀਂ ਕੀਤਾ, ਜਦਕਿ ਸ਼ਬੀਨਾ ਨੇ ਜਦੋਂ ਪਤਾ ਕੀਤਾ ਤਾਂ ਬਰੂਸ ਪੁਲਮਨ ਪਾਰਕ ਨੇ ਸਾਰੀਆਂ ਇਨਵੋਇਸਾਂ ਪੇਅ ਕੀਤੀਆਂ ਹੋਈਆਂ ਸਨ।
ਇਸ ਤੋਂ ਬਾਅਦ ਤਨਖਾਹ ਲਈ ਸ਼ਬੀਨਾ ਹਰਪ੍ਰੀਤ ਸਿੰਘ ਨੂੰ ਮੈਸੇਜ ਤੇ ਕਾਲਾਂ ਕਰਦੀ ਰਹੀ, ਪਰ ਕੋਈ ਜੁਆਬ ਨਾ ਦਿੱਤਾ ਗਿਆ।
ਲੇਬਰ ਸਟੇਂਡਰਡ ਆਫਿਸ ਵਲੋਂ ਜਦੋਂ ਹਰਪ੍ਰੀਤ ਸਿੰਘ ਨੂੰ ਕਾਲ ਕੀਤੀ ਗਈ ਤਾਂ ਉਸਨੇ ਸ਼ਬੀਨਾ ਨੂੰ ਪੇਅ ਕਰਨ ਦੀ ਗੱਲ ਕਹੀ, ਪਰ ਬਾਅਦ ਵਿੱਚ ਉਸਨੇ ਕਾਲਾਂ ਤੇ ਈਮੇਲਾਂ ਦਾ ਜੁਆਬ ਦੇਣਾ ਬੰਦ ਕਰ ਦਿੱਤਾ। ਇਸ ਤੋਂ ਬਾਅਦ ਹਰਪ੍ਰੀਤ ਸਿੰਘ ਨਾਲ ਕਈ ਵਾਰ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਹੋਈ ਤਾਂ ਜੋ ਮਾਮਲੇ ਨੂੰ ਨਿਪਟਾਇਆ ਜਾ ਸਕੇ, ਪਰ ਹਰਪ੍ਰੀਤ ਸਿੰਘ ਕਦੇ ਵੀ ਇਸ ਲਈ ਸਾਹਮਣੇ ਨਾ ਹੋਇਆ।
ਫਿਰ ਹਰਪ੍ਰੀਤ ਸਿੰਘ ਦੀ ਗੈਰਹਾਜਰੀ ਵਿੱਚ ਛਾਣਬੀਣ ਦਾ ਨਤੀਜਾ ਆਇਆ ਤੇ ਉਸਨੂੰ ਰੀਟਨ ਇਮਪਲਾਇਮੈਂਟ ਐਗਰੀਮੈਂਟ ਨਾ ਕਰਨ, ਤਨਖਾਹਾਂ ਤੇ ਸਮੇਂ ਦਾ ਰਿਕਾਰਡ ਨਾ ਰੱਖਣ, ਹੋਲੀਡੇਅ ਪੇਅ ਦਾ ਰਿਕਾਰਡ ਨਾ ਰੱਖਣ, ਪਬਲਿਕ ਹੋਲੀਡੇਅ ਐਨਟਾਈਟਲਮੈਂਟ ਨਾ ਦੇਣ, ਘੱਟੋ-ਘੱਟ ਮਜਦੂਰੀ ਤੋਂ ਘੱਟ ਤਨਖਾਹ ਦੇਣ ਦਾ ਦੋਸ਼ੀ ਪਾਇਆ ਗਿਆ।
ਈ ਆਰ ਏ ਨੇ ਰੈੱਡ ਗਾਰਡ ਸਕਿਓਰਟੀ ਨੂੰ ਇਸ ਤੋਂ ਬਾਅਦ $9389 ਵਿਆਜ ਸਮੇਤ ਅਦਾ ਕਰਨ ਦੇ ਹੁਕਮ ਦਿੱਤੇ ਤੇ ਨਾਲ ਹੀ ਇਹ ਵੀ ਦਿਸ਼ਾ ਨਿਰਦੇਸ਼ ਦਿੱਤੇ ਕਿ ਜੇ ਕੰਪਨੀ ਇਹ ਹਰਜਾਨਾ ਨਾ ਭਰੇਗੀ ਤਾਂ ਮਾਲਕ ਹਰਪ੍ਰੀਤ ਸਿੰਘ ਨੂੰ ਨਿੱਜੀ ਤੌਰ ‘ਤੇ ਇਹ ਹਰਜਾਨਾ ਅਦਾ ਕਰਨਾ ਪਏਗਾ।
ਸ੍ਰੋਤ: NZ Herald