ਆਕਲੈਂਡ (ਹਰਪ੍ਰੀਤ ਸਿੰਘ) – ਸਾਲ ਦੇ ਪਹਿਲੇ 4 ਮਹੀਨਿਆਂ ਵਿੱਚ ਲਗਾਤਾਰ ਵਧੇ ਪੈਟਰੋਲ ਦੇ ਮੁੱਲਾਂ ਤੋਂ ਨਿਊਜੀਲੈਂਡ ਵਾਸੀਆਂ ਨੂੰ ਹੁਣ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ। ਗੈਸਪਾਈ ਵਲੋਂ ਜਾਰੀ ਆਂਕੜਿਆਂ ਤੋਂ ਸਾਹਮਣੇ ਆਇਆ ਹੈ ਕਿ ਬੀਤੇ 28 ਦਿਨਾਂ ਵਿੱਚ ਅਨਲੈਡਡ 91 ਪੈਟਰੋਲ ਦਾ ਭਾਅ 20 ਸੈਂਟ ਪ੍ਰਤੀ ਲੀਟਰ ਘਟਿਆ ਹੈ। ਇਹ 20 ਸੈਂਟ ਦੀ ਕਟੌਤੀ ਇਸ ਸਾਲ ਦੇ ਸ਼ੁਰੂ ਤੋਂ ਅਪ੍ਰੈਲ ਤੱਕ 26 ਸੈਂਟ ਦੇ ਵਾਧੇ ਤੋਂ ਬਾਅਦ ਦੇਖਣ ਨੂੰ ਮਿਲੀ ਹੈ। ਇਸ ਵੇਲੇ ਸਭ ਤੋਂ ਸਸਤਾ ਪੈਟਰੋਲ ਹਾਕਸਬੇਅ ਅਤੇ ਕੈਂਟਰਬਰੀ ਦੇ ਗੈਸ ਸਟੇਸ਼ਨਾਂ ‘ਤੇ $2.40 ਪ੍ਰਤੀ ਲਿਟਰ ਮਿਲ ਰਿਹਾ ਹੈ ਤੇ ਚੰਗੀ ਗੱਲ ਇਹ ਹੈ ਕਿ ਆਉਂਦੇ ਸਮੇਂ ਵਿੱਚ ਵੀ ਪੈਟਰੋਲ ਦੇ ਭਾਅ ਵਿੱਚ ਹੋਰ ਕਮੀ ਦੇਖਣ ਨੂੰ ਮਿਲੇਗੀ।