ਇੰਸਪੈਕਟਰ ਐਮੀ ਸਕੋਟ ਦੀ ਕਰੋ ਹੌਂਸਲਾ ਵਧਾਈ!

Spread the love

ਸਮਾਂ ਰਹਿੰਦਿਆਂ ਹਮਲਾਵਰ ਨੂੰ ਗੋਲੀ ਮਾਰ ਮੁਕਾਇਆ ਤੇ ਬਚਾਈ ਕਈਆਂ ਦੀ ਜਾਨ
ਮੈਲਬੋਰਨ (ਹਰਪ੍ਰੀਤ ਸਿੰਘ) – ਬੀਤੇ ਕੱਲ ਸਿਡਨੀ ਦੇ ਬੋਂਡੀ ਜੰਕਸ਼ਨ ਮਾਲ ਵਿੱਚ ਇੱਕ 40 ਸਾਲਾ ਵਿਅਕਤੀ ਵਲੋਂ ਕੀਤੇ ਹਮਲੇ ਵਿੱਚ 6 ਜਣੇ ਮਾਰੇ ਜਾਣ ਤੇ 8 ਜਣਿਆਂ ਦੇ ਜਖਮੀ ਹੋਣ ਦੀ ਖਬਰ ਹੈ, ਪਰ ਜੇ ਮੌਕੇ ‘ਤੇ ਨਿਊ ਸਾਊਥ ਵੇਲਜ਼ ਪੁਲਿਸ ਡਿਪਾਰਟਮੈਂਟ ਦੀ ਇੰਸਪੈਕਟਰ ਐਮੀ ਸਕੋਟ ਮੌਕੇ ‘ਤੇ ਨਾ ਪੁੱਜਦੀ ਤਾਂ ਜਾਹਿਰ ਤੌਰ ‘ਤੇ ਮਰਨ ਵਾਲਿਆਂ ਤੇ ਜਖਮੀ ਹੋਣ ਵਾਲਿਆਂ ਦੀ ਗਿਣਤੀ ਕਿਤੇ ਵਧੇਰੇ ਹੋਣੀ ਸੀ।
ਪ੍ਰੱਤਖਦਰਸ਼ੀਆਂ ਅਨੁਸਾਰ ਐਮੀ ਸਕੋਟ ਨੇ ਹਮਲਾਵਰ ਨੂੰ ਛੁਰਾ ਸੁੱਟ ਕੇ ਆਤਮਸਮਰਪਣ ਕਰਨ ਲਈ ਕਿਹਾ, ਪਰ ਜਦੋਂ ਉਹ ਐਮੀ ਨੂੰ ਮਾਰਨ ਲਈ ਦੌੜਿਆ ਤਾਂ ਉਸਨੇ ਹਮਲਾਵਰ ਦੀ ਛਾਤੀ ਵਿੱਚ ਗੋਲੀ ਮਾਰ ਦਿੱਤੀ, ਇਨ੍ਹਾਂ ਹੀ ਨਹੀਂ ਐਮੀ ਨੇ ਉਸਤੋਂ ਬਾਅਦ ਉਸਨੂੰ ਸੀਪੀਆਰ ਦੇ ਕੇ ਜਿਓਂਦਾ ਰੱਖਣ ਦੀ ਕੋਸ਼ਿਸ਼ ਵੀ ਕੀਤੀ। ਐਮੀ ਸਕੋਟ ਦੀ ਹੁਣ ਹਰ ਪਾਸੇ ਵਾਹ-ਵਾਹੀ ਹੋ ਰਹੀ ਹੈ, ਕਿਉਂਕਿ ਜੇ ਉਹ ਸਮੇਂ ਸਿਰ ਦੋਸ਼ੀ ਨੂੰ ਨਾ ਮਾਰਦੀ ਤਾਂ ਸ਼ਾਇਦ ਉਹ ਕਈਆਂ ਹੋਰਾਂ ਨੂੰ ਮਾਰ ਮੁਕਾਉਂਦਾ। ਮਰਨ ਵਾਲਿਆਂ ਵਿੱਚ 5 ਮਹਿਲਾਵਾਂ ਤੇ 1 ਮਰਦ ਦੱਸਿਆ ਜਾ ਰਿਹਾ ਹੈ।
ਹਮਲਾਵਰ ਕੁਈਨਜ਼ਲੈਂਡ ਦਾ ਰਹਿਣ ਵਾਲਾ 40 ਸਾਲਾ ਜੋਇਲ ਕੋਚੀ ਦੱਸਿਆ ਜਾ ਰਿਹਾ ਹੈ। ਹਮਲੇ ਪਿੱਛੇ ਕੋਈ ਅੱਤਵਾਦੀ ਕਾਰਨ ਨਹੀਂ ਮੰਨਿਆ ਜਾ ਰਿਹਾ ਹੈ ਤੇ ਬਾਕੀ ਦੀ ਜਾਂਚ ਪੁਲਿਸ ਕਰ ਰਹੀ ਹੈ।