ਆਕਲੈਂਡ (ਹਰਪ੍ਰੀਤ ਸਿੰਘ) – ਸ਼ਾਪਿੰਗ ਮਾਲਜ਼ ‘ਤੇ ਸ਼ਾਪਿੰਗ ਕਰਨ ਆਉਣ ਵਾਲੇ ਆਕਲੈਂਡ ਵਾਸੀਆਂ ਤੇ ਉੱਥੇ ਕੰਮ ਕਰਦੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਆਕਲੈਂਡ ਦੇ ਸਾਰੇ ਮਾਲ ਸ਼ਾਪਿੰਗ ਸੈਂਟਰਾਂ ਵਿੱਚ ਪੁਲਿਸ ਦੀ ਗਿਣਤੀ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਇਨ੍ਹਾਂ ਸ਼ਾਪਿੰਗ ਸੈਂਟਰਾਂ ਵਿੱਚ ਪੁਲਿਸ ਨੂੰ ਪੈਦਲ ਗਸ਼ਤ ਕਰਦਿਆਂ ਆਮ ਦੇਖਿਆ ਜਾ ਸਕਦਾ ਹੈ। ਡਿਟੈਕਟਿਵ ਇੰਸਪੈਕਟਰ ਗਲੇਨ ਬਾਲਡਵਿਨ ਨੇ ਦੱਸਿਆ ਕਿ ਪੁਲਿਸ ਕਰਮਚਾਰੀਆਂ ਦੀ ਗਿਣਤੀ ਵਿੱਚ ਵਾਧਾ ਬੀਤੇ ਕੁਝ ਸਮੇਂ ਤੋਂ ਸਟੋਰਾਂ ‘ਤੇ ਵਧੀਆਂ ਲੁੱਟਾਂ ਦੀਆਂ ਘਟਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਨਿਊ ਮਾਰਕੀਟ ਵਿਖੇ ਜਿਊਲਰੀ ਸਟੋਰ ‘ਤੇ ਹੋਈ ਲੁੱਟ ਦੀ ਘਟਨਾ ਸਬੰਧੀ ਛਾਣਬੀਣ ਜਾਰੀ ਹੈ ਤੇ ਲੁਟੇਰੇ ਜਲਦ ਹੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ।