ਮੁੱਖ ਮੰਤਰੀਆ ਦੇ ਸਿਆਸੀ ਵੱਕਾਰ ਵਾਲ਼ੇ ਪਾਰਲੀਮੈਂਟ ਹਲਕੇ

Spread the love

ਚੰਨੀ ਜਲੰਧਰ, ਹੇਅਰ ਸੰਗਰੂਰ, ਬੀਬੀ ਬਾਦਲ ਬਠਿੰਡਾ, ਮਹਾਰਾਣੀ ਪਟਿਆਲਾ , ਬਿੱਟੂ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਹਨ

ਦਿੜ੍ਹਬਾ ਮੰਡੀ,27 ਅਪ੍ਰੈਲ ਸਤਪਾਲ ਖਡਿਆਲ

ਇੰਨੀ ਦਿਨੀਂ ਪੰਜਾਬ ਵਿੱਚ ਸਿਆਸੀ ਅਖਾੜਾ ਭਖਿਆ ਹੋਇਆ ਹੈ। ਦੇਸ਼ ਵਿਚ ਲੋਕ ਸਭਾ ਚੋਣਾਂ ਨੂੰ ਲੈਕੇ ਹੋ ਰਹੇ ਸਿਆਸੀ ਦੰਗਲ ਵਿੱਚ ਜਿੱਥੇ ਬਹੁਤ ਸਾਰੇ ਲੋਕ ਕਿਸਮਤ ਅਜਮਾ ਰਹੇ ਹਨ। ਉੱਥੇ ਹੀ ਦਹਾਕਿਆਂਬਧੀ ਸੂਬੇ ਦੀ ਸਿਆਸਤ ਤੇ ਕਾਬਜ ਰਹੇ ਕਈ ਵੱਡੇ ਸਿਆਸੀ ਘਰਾਣੇ ਵੀ ਇਸ ਮੈਦਾਨ ਵਿਚ ਕਿਸਮਤ ਅਜਮਾ ਰਹੇ ਹਨ।
ਅੱਤਵਾਦ ਦੇ ਕਾਲੇ ਦਿਨਾਂ ਵਿਚ ਪੰਜਾਬ ਦੀ ਅਗਵਾਈ ਕਰਨ ਵਾਲੇ ਸ੍ਰ ਬੇਅੰਤ ਸਿੰਘ ਦੇ ਪੋਤਰੇ ਸ੍ਰ ਰਵਨੀਤ ਸਿੰਘ ਬਿੱਟੂ ਲੁਧਿਆਣਾ ਤੋਂ ਹੀ ਲੋਕ ਸਭਾ ਚੋਣ ਲੜ ਰਹੇ ਹਨ ਪਰ ਇਸ ਵਾਰੀ ਉਹ ਕਾਂਗਰਸ ਦੀ ਬਜਾਏ ਬੀਜੇਪੀ ਵੱਲੋ ਅਗਲੀ ਪਾਰੀ ਖੇਡਣਗੇ। ਉਹਨਾਂ ਨੇ ਆਪਣੀ ਟੀਮ ਬਦਲ ਲਈ ਹੈ। ਉਹਨਾਂ ਕਾਂਗਰਸ ਦਾ ਹੱਥ ਛੱਡ ਭਾਜਪਾ ਦਾ ਫ਼ੁੱਲ ਫੜ ਲਿਆ ਹੈ। ਜੋ ਸੂਬੇ ਦੇ ਮੈਨਚੇਸਟਰ ਸਨਅਤੀ ਸ਼ਹਿਰ ਲੁਧਿਆਣਾ ਤੋਂ ਮੈਦਾਨ ਵਿਚ ਹਨ।
ਸਾਬਕਾ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਦੁਆਬੇ ਦੀ ਜਲੰਧਰ ਲੋਕ ਸਭਾ ਤੋਂ ਚੋਣ ਅਖਾੜੇ ਵਿੱਚ ਹਨ। ਦਲਿੱਤ ਸਮਾਜ ਦੇ ਅਜੋਕੇ ਦੌਰ ਵਿਚ ਵੱਡੇ ਪੰਜਾਬ ਦੇ ਨੇਤਾ ਜੋ ਕੁੱਝ ਮਹੀਨੇ ਹੀ ਸੂਬੇ ਦੇ ਮੁੱਖ ਮੰਤਰੀ ਰਹੇ ਹੁਣ ਦਿੱਲੀ ਦੀ ਟਿਕਟ ਜਿੱਤ ਕੇ ਪਾਰਲੀਮੈਂਟ ਜਾਣ ਦੀ ਤਿਆਰੀ ਵਿਚ ਹਨ।
ਬੀਬੀ ਹਰਸਿਮਰਤ ਕੌਰ ਬਾਦਲ ਆਪਣੀ ਅਗਲੀ ਪਾਰੀ ਵੀ ਬਠਿੰਡਾ ਹਲਕੇ ਤੋਂ ਹੀ ਖੇਡ ਰਹੇ ਹਨ। ਦਹਾਕਿਆਂ ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਸ੍ਰ ਪ੍ਰਕਾਸ਼ ਸਿੰਘ ਬਾਦਲ ਜੋ ਸਿੱਖ ਸਿਆਸਤ ਦੇ ਥੰਮ ਨੇਤਾ ਰਹੇ ਉਹਨਾਂ ਦੀ ਨੂੰਹ ਅਤੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧਰਮਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਸਾਬਕਾ ਕੇਂਦਰੀ ਮੰਤਰੀ ਰਹੇ ਹਨ। ਉਹਨਾਂ ਕਰਕੇ ਇਸ ਸੀਟ ਤੇ ਇੱਕ ਵੱਡੇ ਸਿਆਸੀ ਘਰਾਣੇ ਦਾ ਵੱਕਾਰ ਦਾਅ ਤੇ ਲੱਗਾ ਹੋਇਆ ਹੈ।
ਮਹਾਰਾਣੀ ਪ੍ਰਨੀਤ ਕੌਰ ਸਾਬਕਾ ਕੇਂਦਰੀ ਮੰਤਰੀ ਪਟਿਆਲਾ ਤੋਂ ਕਾਂਗਰਸ ਦਾ ਹੱਥ ਛੱਡ ਕੇ ਕਮਲ ਦੇ ਫੁੱਲ ਰਾਹੀਂ ਕੇਂਦਰੀ ਸਿਆਸਤ ਵੱਲ ਕਦਮ ਵਧਾਉਣ ਜਾ ਰਹੇ ਹਨ। ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਰਮਪਤਨੀ ਅਤੇ ਪਟਿਆਲਾ ਦੇ ਸ਼ਾਹੀ ਘਰਾਣੇ ਨਾਲ ਸਬੰਧਤ ਹਨ।
ਮਾਲਵਾ ਦੀ ਬਾਗੀ ਤਬੀਅਤ ਵਾਲੀ ਸੰਗਰੂਰ ਸੀਟ ਤੇ ਮੌਜੂਦਾ ਮੁੱਖ ਮੰਤਰੀ ਦਾ ਵਕਾਰ ਦਾਅ ’ਤੇ ਲਗਾ ਦਿੱਤਾ ਹੈ। ਬੇਸ਼ਕ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਆਪ ਇਥੋਂ ਚੋਣ ਨਹੀ ਲੜ ਰਹੇ ਪਰ ਇਹ ਉਹਨਾਂ ਦੇ ਆਪਣੇ ਪਿੰਡ ਦੀ ਘਰ ਦੀ ਹੌਟ ਸੀਟ ਹੈ। ਜਿਥੋਂ ਉਹ ਦੋ ਵਾਰੀ ਲੋਕ ਸਭਾ ਪੁੱਜੇ ਹਨ। ਇਸ ਨੂੰ ਆਪ ਦੀ ਰਾਜਧਾਨੀ ਵੀ ਕਿਹਾ ਜਾਂਦਾ ਹੈ। ਇਸ ਸੀਟ ਤੋਂ ਮੌਜੂਦਾ ਕੈਬਨਿਟ ਮੰਤਰੀ ਸ੍ਰ ਗੁਰਮੀਤ ਸਿੰਘ ਹੇਅਰ ਚੋਣ ਮੈਦਾਨ ਵਿਚ ਹਨ।
ਇਹ ਉਹ ਲੋਕ ਸਭਾ ਹਲਕੇ ਹਨ ਜਿਥੋਂ ਵੱਡੇ ਸਿਆਸੀ ਦਿੱਗਜ ਮੈਦਾਨ ਵਿਚ ਹਨ ਜਾ ਉਹ ਲੋਕ ਚੋਣ ਲੜ ਰਹੇ ਹਨ ਜਿਨ੍ਹਾਂ ਦੇ ਪਰਿਵਾਰਾਂ ਨੇ ਸੂਬੇ ਵਿਚ ਲੰਮਾ ਸਮਾਂ ਸਿਆਸਤ ਕੀਤੀ ਹੈ। ਹੁਣ ਦੇਖਣ ਵਾਲੀ ਗੱਲ ਇਹ ਕਿ ਤਪਦੇ ਜੂਨ ਮਹੀਨੇ ਦੀ ਪਹਿਲੀ ਤਰੀਕ ਨੂੰ ਵੋਟਰ ਕਿਸ ਦੇ ਹੱਕ ਵਿੱਚ ਭੁਗਤ ਕੇ ਕਿਸਦਾ ਸੀਨਾ ਠੰਡਾ ਕਰਦੇ ਹਨ। ਪਰ ਇਹਨਾਂ ਸੀਟਾਂ ਤੇ ਮੁਕਾਬਲਾ ਸਖ਼ਤ ਹੋਣ ਦੀ ਸੰਭਾਵਨਾ ਵਧ ਗਈ ਹੈ।।