ਆਕਲੈਂਡ (ਹਰਪ੍ਰੀਤ ਸਿੰਘ) – ਦੱਖਣੀ ਆਕਲੈਂਡ ਦੇ ਰੋਜ਼ਹਿੱਲ ਵਿਖੇ ਆਪਣੇ ਹੀ ਘਰ ਵਿੱਚ ਆਪਣੀ ਧੀ ਨੂੰ ਕਤਲ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਰਾਜੇਸ਼ ਕੁਮਾਰ ਨੂੰ 10 ਸਾਲ ਦੀ ਸਜਾ ਸੁਣਾਈ ਗਈ ਹੈ। ਦਰਅਸਲ ਰਾਜੇਸ਼ ਦਾ ਪਤਨੀ ਨਾਲ ਕਾਫੀ ਲੰਬਾ ਝਗੜਾ ਚੱਲ ਰਿਹਾ ਸੀ ਤੇ ਇਸੇ ਝਗੜੇ ਦੌਰਾਨ ਉਸਨੂੰ ਉਸਦੀ ਪਤਨੀ ਨੇ ਦੱਸਿਆ ਕਿ ਉਹ ਬੱਚੀ ਜਿਸਨੂੰ ਉਹ ਆਪਣੀ ਧੀ ਸਮਝਦਾ ਸੀ, ਉਹ ਉਸਦੀ ਨਹੀਂ ਬਲਕਿ ਉਸਦੀ ਪਤਨੀ ਅਤੇ ਉਸਦੇ ਬੋਏਫ੍ਰੈਂਡ ਦੀ ਸੀ। ਘਟਨਾ ਵਾਲੀ ਰਾਤ ਉਹ ਬੱਚੀ ਨੂੰ ਬੈਸਮੈਂਟ ਵਿੱਚ ਲੈ ਗਿਆ ਤੇ ਤਿੱਖੇ ਛੁਰੇ ਨਾਲ ਉਸਦਾ ਗਲਾ ਵੱਢ ਦਿੱਤਾ, ਚੰਗੀ ਕਿਸਮਤ ਬੱਚੀ ਨੂੰ ਬਚਾ ਲਿਆ ਗਿਆ। ਉਸਨੇ ਬੱਚੀ ਦਾ ਗਲਾ ਵੱਢਣ ਤੋਂ ਪਹਿਲਾਂ ਉਸਨੂੰ ਇਹ ਵੀ ਦੱਸਿਆ ਕਿ ਉਹ ਉਸਦਾ ਪਿਓ ਨਹੀਂ ਹੈ। ਰਾਜੇਸ਼ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਤੇ ਉਸਨੂੰ ਬਾਅਦ ਵਿੱਚ ਕੋਰਮੰਡਲ ਦੇ ਥੇਮਜ਼ ਤੋਂ ਗ੍ਰਿਫਤਾਰ ਕੀਤਾ ਗਿਆ। ਇਸੇ ਘਟਨਾ ਤੋਂ ਇੱਕ ਹਫਤਾ ਪਹਿਲਾਂ ਉਸਨੇ ਘਰ ਛੱਡਕੇ ਜਾ ਰਹੀ ਆਪਣੀ ਪਤਨੀ ਨੂੰ ਵੀ ਛੁਰੇ ਦੀ ਨੌਕ ‘ਤੇ ਅਗਵਾਹ ਕੀਤਾ ਸੀ। ਕਤਲ ਦੀ ਕੋਸ਼ਿਸ਼ ਲਈ 9 ਸਾਲ ਦੀ ਸਜਾ ਤੇ ਪਤਨੀ ਨੂੰ ਅਗਵਾਹ ਕਰਨ ਲਈ 18 ਮਹੀਨਿਆਂ ਦੀ ਸਜਾ ਸੁਣਾਈ ਗਈ ਹੈ। ਰਾਜੇਸ਼ ਨੂੰ ਪੈਰੋਲ ਲੈਣ ਲਈ ਵੀ ਘੱਟੋ-ਘੱਟ 6 ਸਾਲ ਦੀ ਸਜਾ ਭੁਗਤਣੀ ਪਏਗੀ।