ਖਾਲਸਾਈ ਰੰਗ ਵਿੱਚ ਰੰਗਿਆ ਗਿਆ ਅੱਜ ਉਟਾਹੂਹੂ

Spread the love

ਵਿਸਾਖੀ ਨੂੰ ਸਮਰਪਿਤ 29ਵਾਂ ਸਲਾਨਾ ਨਗਰ ਕੀਰਤਨ ਹੋਇਆ ਸੁਸ਼ੋਭਿਤ
ਆਕਲੈਂਡ (ਹਰਪ੍ਰੀਤ ਸਿੰਘ) – ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਉਟਾਹੂਹੂ ਵਿਖੇ ਅੱਜ ਵਿਸਾਖੀ ਨੂੰ ਸਮਰਪਿਤ 29ਵਾਂ ਸਲਾਨਾ ਨਗਰ ਕੀਰਤਨ ਸਜਾਇਆ ਗਿਆ ਸੀ। 1996 ਤੋਂ ਸ਼ੁਰੂ ਕੀਤੇ ਪਹਿਲੇ ਨਗਰ ਕੀਰਤਨ ਤੋਂ ਬਾਅਦ ਲਗਾਤਾਰ ਹਰ ਸਾਲ ਉਟਾਹੂਹੂ ਵਿਖੇ ਨਗਰ ਕੀਰਤਨ ਸਜਾਇਆ ਜਾਂਦਾ ਰਿਹਾ ਹੈ। ਅੱਜ ਦੇ ਨਗਰ ਕੀਰਤਨ ਵਿੱਚ ਸੰਗਤਾਂ ਦਾ ਵਿਸ਼ਾਲ ਠਾਠਾਂ ਮਾਰਦਾ ਇੱਕਠ ਉਟਾਹੂਹੂ ਦੀਆਂ ਸੜਕਾਂ ‘ਤੇ ਦੇਖਣ ਨੂੰ ਮਿਲਿਆ ਤੇ ਸਾਰਾ ਉਟਾਹੂਹੂ ਹੀ ਖਾਲਸਾਈ ਰੰਗ ਵਿੱਚ ਰੰਗਿਆ ਦਿਖਿਆ। ਸੈਂਕੜੇ ਦੀ ਗਿਣਤੀ ਵਿੱਚ ਸੰਗਤਾਂ ਨਿਊਜੀਲੈਂਡ ਦੇ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਇੱਥੇ ਪੁੱਜੀਆਂ ਤੇ ਗੁਰੂਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਨਗਰ ਕੀਰਤਨ ਵਿੱਚ ਵਿਸ਼ੇਸ਼ ਤੌਰ ‘ਤੇ ਕਵੀਸ਼ਰੀ ਜੱਥਾ ਭਾਈ ਗੁਰਮੁਖ ਸਿੰਘ ਜੀ ਐਮ ਏ, ਢਾਡੀ ਜੱਥਾ ਭਾਈ ਹਰਮਨਜੀਤ ਸਿੰਘ ਜੀ ਫਤਹਿਗੜ੍ਹ ਸਾਹਿਬ ਵਾਲੇ, ਕਥਾਕਾਰ ਭਾਈ ਸੁਖਬੀਰ ਸਿੰਘ ਜੀ ਕੱਲਾ ਨੇ ਵੀ ਇੰਡੀਆ ਤੋਂ ਪੁੱਜਕੇ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਦਿੱਤੀਆਂ।

ਸੰਗਤਾਂ ਨੂੰ ਦੱਸਦੀਏ ਕਿ ਕੱਲ ਨਿਊਜੀਲੈਂਡ ਦੇ ਪਹਿਲੇ ਹਮਿਲਟਨ ਸਥਿਤ ਗੁਰੂਘਰ ਵਿਖੇ ਨਿਊਜੀਲੈਂਡ ਦੇ ਸਾਰੇ ਗੁਰੂਘਰਾਂ ਵਲੋਂ ਸਾਂਝੇ ਰੂਪ ਵਿੱਚ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ, ਜਿਨ੍ਹਾਂ ਤਹਿਤ ਧਾਰਮਿਕ ਸਮਾਗਮਾਂ ਦੇ ਨਾਲ-ਨਾਲ ਵੱਖੋ-ਵੱਖ ਖੇਡਾਂ ਵੀ ਕਰਵਾਈਆਂ ਜਾਣਗੀਆਂ।

ਅਗਲੇ ਹਫਤੇ 13 ਅਪ੍ਰੈਲ ਅਤੇ 14 ਅਪ੍ਰੈਲ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਵੀ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ।