ਸਿੱਧੂ ਮੂਸੇ ਵਾਲ਼ਾ ਕਾਤਿਲ ਕੇਸ ਦੀ ਐਫ ਆਈ ਆਰ ਚ ਸਾਮਿਲ ਵਿਅਕਤੀ ਮੀਤ ਹੇਅਰ ਦਾ ਨਜਦੀਕੀ

Spread the love

– ਖਹਿਰਾ ਮੀਤ ਹੇਅਰ ਤੇ ਲਾਏ ਗੰਭੀਰ ਇਲਜਾਮ
ਸੰਗਰੂਰ,23 ਅਪ੍ਰੈਲ ਸਤਪਾਲ ਖਡਿਆਲ
ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਫੋਟੋਆਂ ਅਤੇ ਵੀਡੀਓ ਕਲਿਪਿੰਗ ਜਨਤਕ ਕਰਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ’ਤੇ ਗੰਭੀਰ ਇਲਜ਼ਾਮ ਲਗਾਏ ਹਨ। ਖਹਿਰਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਦਰਜ਼ ਕੀਤੀ ਐਫਆਈਆਰ ਵਿੱਚ ਸ਼ਾਮਲ ਇੱਕ ਮੁਲਜ਼ਮ ਮੀਤ ਹੇਅਰ ਦੇ ਵਿਆਹ ਵਿੱਚ ਸ਼ਾਮਲ ਹੋਇਆ ਸੀ ਅਤੇ ਹੁਣ ਚੋਣ ਪ੍ਰਚਾਰ ਵਿੱਚ ਵੀ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਇਸ ਮਾਮਲੇ ’ਚ ਮੀਤ ਹੇਅਰ ਤੋਂ ਜਵਾਬ ਮੰਗਿਆ ਹੈ।
ਸੋਮਵਾਰ ਨੂੰ ਸੁਨਾਮ ਵਿਖੇ ਵਰਕਰ ਮਿਲਣੀ ਪ੍ਰੋਗਰਾਮ ਤਹਿਤ ਸ਼ਾਮਿਲ ਹੋਏ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਪੰਜਾਬ ਹੀ ਨਹੀਂ ਬਲਕਿ ਪੂਰੀ ਦੁਨੀਆ ਸਦਮੇ ’ਚ ਹੈ, ਪਰੰਤੂ ਪੰਜਾਬ ਸਰਕਾਰ ਵੱਲੋਂ ਉਸ ਦੇ ਕਾਤਲਾਂ ਨੂੰ ਦਿੱਤੀ ਗਈ ਸੁਰੱਖਿਆ ਕੁੱਝ ਹੋਰ ਹੀ ਬਿਆਨ ਕਰਦੀ ਹੈ। ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਅੰਦਰ ਨਸ਼ਾਖੋਰੀ ਅਤੇ ਵੀਆਈਪੀ ਕਲਚਰ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਸੀ ਲੇਕਿਨ ਅੱਜ ਸੱਚਾਈ ਸਭ ਦੇ ਸਾਹਮਣੇ ਹੈ। ਨਸ਼ਾ ਅਤੇ ਸ਼ਰਾਬ ਮਾਫੀਆ ਪੂਰੇ ਪੰਜਾਬ ਵਿੱਚ ਫੈਲਿਆ ਹੋਇਆ ਹੈ। ਹਾਲ ਹੀ ਵਿੱਚ ਸੰਗਰੂਰ ਵਿੱਚ 21 ਲੋਕ ਜ਼ਹਿਰੀਲੀ ਸ਼ਰਾਬ ਦਾ ਸ਼ਿਕਾਰ ਹੋ ਗਏ ਹਨ। ਉਥੇ ਹੀ ਮੀਤ ਹੇਅਰ ਕੈਮਰੇ ਦੇ ਸਾਹਮਣੇ ਕਹਿ ਰਹੇ ਹਨ ਕਿ ਜਦੋਂ ਮੰਗ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਪੂਰੀ ਹੋ ਜਾਂਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਬਦਲੇ ਦੀ ਰਾਜਨੀਤੀ ਤਹਿਤ ਕੰਮ ਕਰ ਰਹੇ ਹਨ। ਦਰਜਨਾਂ ਕਾਂਗਰਸੀ ਆਗੂਆਂ ’ਤੇ ਝੂਠੇ ਕੇਸ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਉਨ੍ਹਾਂ ਨੂੰ ਜਵਾਬ ਦੇਣ ਦਾ ਸਮਾਂ ਆ ਗਿਆ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਨਾ ਦੇਣ ਨਾਲ ਸੁਖਬੀਰ ਸਿੰਘ ਬਾਦਲ ਦਾ ਕਿਰਦਾਰ ਬੇਨਕਾਬ ਹੋ ਗਿਆ ਹੈ ਅਤੇ ਬਾਦਲ ਨੇ ਆਪਣਾ ਨੁਕਸਾਨ ਕੀਤਾ ਹੈ। ਹੁਣ ਬਾਦਲ ’ਤੇ ਕੋਈ ਭਰੋਸਾ ਨਹੀਂ ਕਰੇਗਾ।।