ਅਜਿਹਾ ਮਾੜਾ ਕਿਸੇ ਨਾਲ ਨਾ ਹੋਏ, ਜੋ ਇਨ੍ਹਾਂ ਪੰਜਾਬੀ ਬੱਚਿਆਂ ਨਾਲ ਹੋਈ!

Spread the love

ਪਹਿਲਾਂ ਪਿਓ ਹੱਥੋਂ ਮਾਂ ਗੁਆਈ ਤੇ ਹੁਣ ਘਰ ਦਾ ਇੱਕ-ਇੱਕ ਸਮਾਨ ਹੋਇਆ ਚੋਰੀ
ਮੈਲਬੋਰਨ (ਹਰਪ੍ਰੀਤ ਸਿੰਘ) – ਕਿਸੇ ਵੇਲੇ ਕੁਈਨਜ਼ਲੈਂਡ ਦੇ ਪੇਂਡੂ ਇਲਾਕੇ ਵਿੱਚ ਬਹੁਤ ਵੱਡੇ ਘਰ ਵਿੱਚ ਰਹਿੰਦੀ 13 ਸਾਲਾ ਕੇਸਰ, ਉਸਦਾ ਭਰਾ ਆਪਣੇ ਮਾਪਿਆਂ ਨਾਲ ਬਹੁਤ ਵਧੀਆ ਜਿੰਦਗੀ ਬਤੀਤ ਕਰ ਰਹੇ ਸਨ, ਪਰ ਕਿਸਮਤ ਦਾ ਅਜਿਹਾ ਭਾਣਾ ਵਾਪਰਿਆ ਕਿ ਕੇਸਰ ਦੇ ਪਿਤਾ ਯਾਦਵਿੰਦਰ ਸਿੰਘ ਹੱਥੋਂ ਪਤਨੀ ਅਮਰ ਕੌਰ ਦਾ ਕਤਲ ਹੋ ਗਿਆ। ਯਾਦਵਿੰਦਰ ਕਤਲ ਦੇ ਦੋਸ਼ ਵਿੱਚ ਜੇਲ ਚਲਿਆ ਗਿਆ, ਜਿੱਥੇ ਕੇਸ ਦੀ ਕਾਰਵਾਈ ਚੱਲ ਰਹੀ ਹੈ। ਬੱਚਿਆਂ ਨੂੰ ਭਰਿਆ-ਭਰਾਇਆ ਘਰ ਛੱਡ ਮਾਸੀ ਕੋਲ ਸਿਡਨੀ ਜਾਣਾ ਪਿਆ।
ਛਾਣਬੀਣ ਅਧਿਕਾਰੀਆਂ ਦੀ ਆਵਾਜਾਈ ਕਾਰਨ ਘਰ ਵਿੱਚੋਂ ਕੋਈ ਸਮਾਨ ਚੁੱਕਿਆ ਨਹੀਂ ਗਿਆ, ਫਿਰ ਛਾਣਬੀਣ ਅਧਿਕਾਰੀਆਂ ਦਾ ਘਰ ਵਿੱਚ ਆਉਣਾ-ਜਾਣਾ ਵੀ ਖਤਮ ਹੋ ਗਿਆ ਤੇ ਕਿਸੇ ਦਿਨ ਅਚਾਨਕ ਚੋਰਾਂ ਨੇ ਘਰ ਵਿੱਚੋਂ ਇੱਕ-ਇੱਕ ਸਮਾਨ ਚੁੱਕ ਕੇ ਚੋਰੀ ਕਰ ਲਿਆ। ਇਸ ਵਿੱਚ ਕੇਸਰ ਦੀ ਮਾਂ ਅਮਰ ਕੌਰ ਦੀ ਵੱਡੀ ਗੱਡੀ, ਵਾਸ਼ਿੰਗ ਮਸ਼ੀਨਾਂ, ਕੱਪੜੇ, ਹੋਰ ਸਾਜੋ-ਸਮਾਨ, ਰਸੋਈ ਦੇ ਉਪਕਰਨ, ਬਰਤਾਨ ਆਦਿ ਸਭ ਕੁਝ ਚੋਰੀ ਕਰ ਲਿਆ ਗਿਆ। ਇਸ ਬਾਰੇ ਉਸ ਵੇਲੇ ਪਤਾ ਲੱਗਾ ਜਦੋਂ ਕੇਸਰ ਮਾਸੀ ਨਾਲ ਘਰੋਂ ਸਮਾਨ ਲੈਣ ਪੁੱਜੇ। ਪਹਿਲਾਂ ਮਾਪੇ ਗੁਆਏ ਤੇ ਹੁਣ ਇਹ ਵੱਡੀ ਮੁਸੀਬਤ, ਸੱਚਮੁੱਚ ਰੱਬ ਕਿਸੇ ਨਾਲ ਏਦਾਂ ਦੀ ਨਾ ਕਰੇ। ਕੇਸਰ ਦੀ ਮਾਸੀ ਸਿਮਰਨ ਹੁਣ ਗੋਫੰਡ ਮੀ ਰਾਂਹੀ ਭਾਈਚਾਰੇ ਨੂੰ ਅਪੀਲ ਕਰ ਇਨ੍ਹਾਂ ਬੱਚਿਆਂ ਲਈ ਕੁਝ ਮੱਦਦ ਇੱਕਠੀ ਕਰਨ ਬਾਰੇ ਸੋਚ ਰਹੀ ਹੈ।