ਬੀਕੇਯੂ ਏਕਤਾ ਸਿੱਧੂਪੁਰ ਪੰਜਾਬ ਦੀ ਧੀ ਕੁਲਵਿੰਦਰ ਕੌਰ ਨਾਲ ਡਟਕੇ ਖੜੀ ਹੈ-ਰਣ ਸਿੰਘ ਚੱਠਾ
ਦਿੜ੍ਹਬਾ ਮੰਡੀ,07 ਜੂਨ ਸਤਪਾਲ ਖਡਿਆਲ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਕੰਗਨਾ ਰਣੌਤ ਵੱਲੋਂ ਕਿਸਾਨਾਂ ਅਤੇ ਪੰਜਾਬੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਉਣਾ ਬੇਹੱਦ ਮੰਦਭਾਗਾ ਅਤੇ ਦੁਖਦਾਈ ਹੈ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਚੰਡੀਗੜ੍ਹ ਹਵਾਈ ਅੱਡੇ ’ਤੇ ਸੀਆਈਐਸਐਫ ਦੀ ਇੱਕ ਪੰਜਾਬੀ ਸੁਰੱਖਿਆ ਮੁਲਾਜ਼ਮ ਕੁਲਵਿੰਦਰ ਕੌਰ ਨਾਲ ਬਹਿਸ ਤੋਂ ਬਾਅਦ ਇਸ ਮਾਮਲੇ ਸਬੰਧੀ ਕੰਗਨਾ ਰਣੌਤ ਵੱਲੋਂ ਪੰਜਾਬੀਆਂ ਖ਼ਿਲਾਫ਼ ਨਫ਼ਰਤ ਭਰੀਆਂ ਟਿੱਪਣੀਆਂ ਉਸ ਦੀ ਪੰਜਾਬ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹਨ। ਕਿਸਾਨ ਆਗੂ ਚੱਠਾ ਨੇ ਕਿਹਾ ਕਿ ਕੰਗਨਾ ਰਣੌਤ ਦਾ ਇਹ ਕਹਿਣਾ ਕਿ ਪੰਜਾਬ ਵਿਚ ਅੱਤਵਾਦ ਵਧ ਰਿਹਾ ਹੈ, ਉਸ ਦੀ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਹੈ,ਜਦਕਿ ਸੱਚਾਈ ਇਹ ਹੈ ਕਿ ਉਸ ਦੀ ਆਪਣੀ ਜ਼ੁਬਾਨ ਰਾਹੀਂ ਫੈਲਾਇਆ ਜਾ ਰਿਹਾ ਅੱਤਵਾਦ ਦੇਸ਼ ਦੇ ਮਾਹੌਲ ਨੂੰ ਦੂਸ਼ਿਤ ਕਰ ਰਿਹਾ ਹੈ। ਚੱਠਾ ਨੇ ਕਿਹਾ ਕਿ ਕੰਗਨਾ ਰਣੌਤ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਜੇਕਰ ਅੱਜ ਦੇਸ਼ ਦਾ ਬਹੁ-ਜਾਤੀ ਅਤੇ ਬਹੁ-ਭਾਸ਼ਾਈ ਸੱਭਿਆਚਾਰ ਜ਼ਿੰਦਾ ਹੈ ਤਾਂ ਉਹ ਪੰਜਾਬੀਆਂ ਵੱਲੋਂ ਦੇਸ਼ ਲਈ ਦਿੱਤੀਆਂ ਕੁਰਬਾਨੀਆਂ ਸਦਕਾ ਹੈ। ਚੱਠਾ ਨੇ ਕਿਹਾ ਕਿ ਇਤਿਹਾਸ ਨੂੰ ਭੁਲਾ ਕੇ ਮੋਦੀਪ੍ਰਿਯਾ ਹੋਣ ਲਈ ਦੇਸ਼ ਵਿੱਚ ਆਪਸੀ ਸਦਭਾਵਨਾ ਅਤੇ ਸਮਾਜਿਕ ਰਿਸ਼ਤਿਆਂ ਨੂੰ ਅੱਖੋਂ ਪਰੋਖੇ ਕਰਨਾ ਦੇਸ਼ ਲਈ ਠੀਕ ਨਹੀਂ ਹੈ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਪਰ ਕੰਗਨਾ ਰਣੌਤ ਜਾਣਬੁੱਝ ਕੇ ਇਸ ਰਾਹ ‘ਤੇ ਚੱਲ ਰਹੀ ਹੈ। ਚੱਠਾ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਆਗੂਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਕੰਗਨਾ ਰਣੌਤ ਨੂੰ ਸੰਜਮ ਅਤੇ ਨੈਤਿਕ ਕਦਰਾਂ-ਕੀਮਤਾਂ ਦਾ ਪਾਠ ਪੜ੍ਹਾਉਣ ਨਹੀਂ ਨਤੀਜੇ ਚੰਗੇ ਨਹੀਂ ਹੋਣਗੇ। ਕਿਸਾਨ ਆਗੂ ਚੱਠਾ ਨੇ ਮੰਗ ਕੀਤੀ ਕਿ ਚੰਡੀਗੜ੍ਹ ਹਵਾਈ ਅੱਡੇ ‘ਤੇ ਵਾਪਰੀ ਘਟਨਾ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਕੰਗਨਾ ਰਣੌਤ ਨੇ ਪੰਜਾਬ ਵਿਰੁੱਧ ਨਫ਼ਰਤ ਦਾ ਮਾਹੌਲ ਬਣਾਉਣ ਲਈ ਕੋਈ ਸ਼ਰਾਰਤੀ ਦਲੀਲਬਾਜ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੀ.ਆਈ.ਐਸ.ਐਫ ਵੱਲੋਂ ਕੀਤੀ ਜਾਂਦੀ ਜਾਂਚ ਬਿਨਾਂ ਕਿਸੇ ਸਿਆਸੀ ਜਾਂ ਨਿੱਜੀ ਪ੍ਰਭਾਵ ਤੋਂ ਹੋਣੀ ਚਾਹੀਦੀ ਹੈ ਤਾਂ ਜੋ ਬੇਇਨਸਾਫ਼ੀ ਨਾ ਹੋਵੇ। ਕਿਸਾਨ ਆਗੂ ਚੱਠਾ ਨੇ ਕਿਹਾ ਕਿ ਕੰਗਨਾ ਰਣੌਤ ਦਾ ਡੋਪ ਟੈਸਟ ਲਾਜ਼ਮੀ ਕਰਵਾਇਆ ਜਾਵੇ। ਕਿਸਾਨ ਆਗੂ ਚੱਠਾ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪੰਜਾਬ ਦੀ ਧੀ ਕੁਲਵਿੰਦਰ ਕੌਰ ਨਾਲ ਡਟਕੇ ਖੜੇਗੀ ਅਤੇ ਹਰ ਸੰਭਵ ਮਦਦ ਕਰੇਗੀ।