ਸੰਤ ਬਾਬਾ ਭਾਗ ਸਿੰਘ ਕਬੱਡੀ ਕਲੱਬ ਹੈਸਟਿੰਗਸ ਵਲੋਂ ਕਰਵਾਏ ਕਬੱਡੀ ਟੂਰਨਾਮੈਂਟ ਮੌਕੇ ਦਰਸ਼ਕਾਂ ਦੀ ਜੁੜੀ ਭਾਰੀ ਭੀੜ

Spread the love

ਵਾਇਕਾਟੋ ਮਾਲਵਾ ਬਲੋਕ ਦੀ ਟੀਮ ਰਹੀ ਜੈਤੂ, ਕਲਗੀਧਰ ਸਪੋਰਟਸ ਕਲੱਬ ਦੀ ਟੀਮ ਰਹੀ ਉਪਜੈਤ
ਸੁਪਰੀਮ ਸਿੱਖ ਸੁਸਾਇਟੀ ਤੋਂ ਦਲਜੀਤ ਸਿੰਘ ਅਤੇ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਦੇ ਚੇਅਰਮੈਨ ਪਰਮਜੀਤ ਸਿੰਘ ਪੰਮੀ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਆਕਲੈਂਡ (ਹਰਪ੍ਰੀਤ ਸਿੰਘ) – ਬੀਤੇ ਦਿਨੀਂ ਸੰਤ ਬਾਬਾ ਭਾਗ ਸਿੰਘ ਕਬੱਡੀ ਕਲੱਬ ਹੈਸਟਿੰਗਸ ਵਲੋਂ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ ਕੁੱਲ 8 ਟੀਮਾਂ ਨੇ ਭਾਗ ਲਿਆ, ਫਾਈਨਲ ਮੁਕਾਬਲਾ ਵਾਇਕਾਟੋ ਮਾਲਵਾ ਬਲੋਕ ਤੇ ਕਲਗੀਧਰ ਸਪੋਰਟਸ ਕਲੱਬ ਦੀ ਟੀਮ ਵਿਚਾਲੇ ਹੋਇਆ, ਜਿਸ ਵਿੱਚੋਂ ਵਾਇਕਾਟੋ ਮਾਲਵਾ ਬਲੋਕ ਦੀ ਟੀਮ ਜੈਤੂ ਰਹੀ।
ਇਸ ਮੌਕੇ ਕਬੱਡੀ ਦੇ ਮੁਕਾਬਲਿਆਂ ਦੇ ਨਾਲ-ਨਾਲ ਬੱਚਿਆਂ ਤੇ ਬੀਬੀਆਂ ਦੀਆਂ ਖੇਡਾਂ (ਰੱਸਾ ਕੱਸੀ, ਮਿਊਜਿਕਲ ਚੇਅਰ) ਦੇ ਕਈ ਮੁਕਾਬਲੇ ਵੀ ਕਰਵਾਏ ਗਏ, ਜੋ ਕਾਫੀ ਰੋਮਾਂਚਕ ਰਹੇ ਤੇ ਦਰਸ਼ਕਾਂ ਨੇ ਇਨ੍ਹਾਂ ਦਾ ਖੂਬ ਆਨੰਦ ਮਾਣਿਆ। ਨਾਲ ਹੀ ਪ੍ਰਬੰਧਕਾਂ ਵਲੋਂ ਵਿਸ਼ੇਸ਼ ਉਪਰਾਲਾ ਕਰਦਿਆਂ ਸਪਾਂਸਰਾਂ, ਕਮੈਂਟੇਟਰ ਬਿੱਟੂ ਸੈਦੋਕੇ, ਅਮਨ ਰੰਧਾਵਾ, ਸੁਖਵਿੰਦਰ ਸਕੋਰਲ ਦਾ ਸੋਨੇ ਦੀਆਂ ਮੁੰਦਰੀਆਂ ਨਾਲ ਸਨਮਾਨ ਕੀਤਾ ਗਿਆ ਤੇ ਮੌਕੇ ‘ਤੇ ਪੁੱਜੇ ਸੁਪਰੀਮ ਸਿੱਖ ਸੁਸਾਇਟੀ ਦੇ ਮੁੱਖ ਬੁਲਾਰੇ ਭਾਈ ਦਲਜੀਤ ਸਿੰਘ ਅਤੇ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਦੇ ਚੇਅਰਮੈਨ ਪਰਮਜੀਤ ਸਿੰਘ ਪੰਮੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਪ੍ਰਬੰਧਕ ਤਲਵਿੰਦਰ ਸਿੰਘ, ਚਰਨਜੀਤ ਸਿੰਘ ਥਿਆੜਾ, ਤਰਨ ਕਾਲੀਆ, ਪੰਡਤ ਰਾਕੇਸ਼ ਕੁਮਾਰ, ਬਲਵੀਰ ਸਿੰਘ, ਜਸਪਾਲ ਸਿੰਘ, ਰਵਿੰਦਰ ਬਿੰਦੂ ਹੈਸਟਿੰਗਸ ਤੇ ਜੇਜੇ ਨੇ ਸਮੁੱਚੀ ਟੀਮ ਸਮੇਤ ਮੌਕੇ ‘ਤੇ ਪੁੱਜੇ ਦਰਸ਼ਕਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ।
ਇਸ ਮੌਕੇ ਗੁਰੂਕੇ ਲੰਗਰ ਅਤੁੱਟ ਵਰਤੇ ਤੇ ਜਲੇਬੀਆਂ, ਗੋਲ-ਗੱਪਿਆਂ ਦੇ ਸਟਾਲ ਦੇਰ ਸ਼ਾਮ ਤੱਕ ਚੱਲਦੇ ਰਹੇ।