ਸਿਡਨੀ ਮਾਲ ਅਟੈਕ: ਆਪਣੇ ਕੰਮ ਦੇ ਪਹਿਲੇ ਦਿਨ ਹੀ ਮੌਤ ਦਾ ਸਾਹਮਣਾ ਕਰਨ ਵਾਲੇ ਸਕਿਓਰਟੀ ਗਾਰਡ ਨੇ ਦੱਸੀ ਮੌਕੇ ਦੀ ਡਰਾ ਦੇਣ ਵਾਲੀ ਆਪਬੀਤੀ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਬੋਂਡਾਈ ਜੰਕਸ਼ਨ ਮਾਲ ਵਿੱਚ ਬਤੌਰ ਸਕਿਓਰਟੀ ਗਾਰਡ ਤੈਨਾਤ ਮੁਹੰਮਦ ਤਾਹਾ ਆਪਣੀ ਨੌਕਰੀ ਦੇ ਪਹਿਲੇ ਦਿਨ ਸਕਿਓਰਟੀ ਗਾਰਡ ਫਰਜ਼ ਤਾਹੀਰ ਨਾਲ ਸੀ ਤੇ ਉਹ ਆਪਣੇ ਦੇਸ਼ ਪਾਕਿਸਤਾਨ ਬਾਰੇ ਗੱਲਾਂ ਕਰ ਰਹੇ ਸਨ, ਜਦੋਂ ਉਨ੍ਹਾਂ ਨੂੰ ਲੋਕਾਂ ਦੀਆਂ ਚੀਕਾਂ ਸੁਣੀਆਂ। ਦੋਨੋਂ ਹੀ ਭੀੜ ਵੱਲ ਭੱਜੇ ਤਾਂ ਦੇਖਿਆ ਇੱਕ ਵਿਅਕਤੀ ਹਮਲਾ ਕਰਕੇ ਕਈਆਂ ਨੂੰ ਸ਼ਿਕਾਰ ਬਣਾ ਰਿਹਾ ਸੀ। ਦੋਨਾਂ ਨੇ ਸਕਿਓਰਟੀ ਗਾਰਡ ਦੀ ਵਰਦੀ ਪਾਈ ਸੀ ਤੇ ਸ਼ਾਇਦ ਇਹੀ ਕਾਰਨ ਸੀ ਕਿ ਹਮਲਾਵਰ ਦੋਨਾਂ ਵੱਲ ਭੱਜਿਆ ਤੇ ਲੋਕਾਂ ਨੂੰ ਬਚਾਉਣ ਲਈ ਦੋਨੋਂ ਨੌਜਵਾਨ ਹਮਲਾਵਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਨ ਲੱਗੇ। ਇਸੇ ਦੌਰਾਨ ਹਮਲਾਵਰ ਨੇ ਫਰਜ਼ ਤਾਹੀਰ ਨੂੰ ਛਾਤੀ ਵਿੱਚ ਛੁਰਾ ਮਾਰ ਦਿੱਤਾ ਤੇ ਜਦੋਂ ਤਾਹੀਰ ਮੁਹੰਮਦ ਵੱਲ ਮੁੜਿਆ ਤਾਂ ਉਹ ਖੂਨ ਵਿੱਚ ਲੱਥਪੱਥ ਸੀ, ਇਨੇਂ ਨੂੰ ਮੁਹੰਮਦ ਨੇ ਹਮਲਾਵਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਹਮਲਾਵਰ ਨੇ ਉਸਨੂੰ ਵੀ ਪੇਟ ਵਿੱਚ ਛੁਰਾ ਮਾਰ ਦਿੱਤਾ। ਪਰ ਜਾਹਿਰ ਹੈ ਕਿ ਇਨੇਂ ਸਮੇਂ ਵਿੱਚ ਹੀ ਦੋਨਾਂ ਨੇ ਕਈ ਮਾਸੂਮ ਲੋਕਾਂ ਨੂੰ ਮੌਕੇ ਤੋਂ ਭੱਜਣ ਦਾ ਮੌਕਾ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਜਾਨ ਬੱਚ ਗਈ।
ਮੁਹੰਮਦ ਨੂੰ ਹੁਣ ਕਈ ਦਿਨਾਂ ਬਾਅਦ ਹੋਸ਼ ਆਈ ਹੈ ਤੇ ਉਸਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਉਹ ਪਹਿਲਾਂ ਵਰਗਾ ਬਿਲਕੁਲ ਵੀ ਨਹੀਂ ਰਹੇਗਾ, ਕਿਉਂਕਿ ਇਹ ਘਟਨਾ ਸੱਚਮੁੱਚ ਹੀ ਬਹੁਤ ਖੌਫਨਾਕ ਤੇ ਡਰਾ ਦੇਣ ਵਾਲੀ ਸੀ, ਉਸਨੂੰ ਦੁੱਖ ਤਾਂ ਹੈ ਹੀ ਕਿ ਉਸਦਾ ਸਾਥੀ ਉਸ ਤੋਂ ਸਦਾ ਲਈ ਵਿਛੜ ਗਿਆ, ਪਰ ਨਾਲ ਖੁਸ਼ੀ ਇਸ ਗੱਲ ਦੀ ਹੈ ਕਿ ਉਨ੍ਹਾਂ ਕਈਆਂ ਦੀ ਜਾਨ ਬਚਾਈ। ਇਸ ਬਹਾਦੁਰੀ ਲਈ ਪੀ ਐਮ ਐਂਥਨੀ ਅਲਬਾਨੀ ਨੇ ਮੁਹੰਮਦ ਨੂੂੰ ਪੀਆਰ ਦੀ ਪੇਸ਼ਕਸ਼ ਵੀ ਕੀਤੀ ਹੈ। ਮੁਹੰਮਦ ਆਸਟ੍ਰੇਲੀਆ ਵਿੱਚ ਗਰੇਜੁਏਟ ਵੀਜਾ ‘ਤੇ ਸੀ।