ਬੇਘਰ ਵਿਅਕਤੀ ਦੀ ਮੱਦਦ ਲਈ ਅੱਗੇ ਆਏ ਨਿਊਜੀਲੈਂਡ ਵਾਸੀ, ਹੁਣ ਖੋਲੇਗਾ ਆਪਣਾ ਨਵਾਂ ਕਾਰੋਬਾਰ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਵਿੱਚ ਜੋਨੇਥਨ ਪੈਚੀ ਸ਼ਾਇਦ ਆਪਣੀ ਸਭ ਤੋਂ ਸਸਤੀ ਕਾਫੀ ਬਣਾਕੇ ਵੇਚਦਾ ਸੀ ਤੇ ਇਹ ਇੰਸਟੇਂਟ ਕੌਫੀ ਉਹ ਸਿਰਫ $1.5 ਵਿੱਚ ਸ਼ਾਪਿੰਗ ਟਰੋਲੀ ਵਿੱਚ ਹੀ ਬਣਾਕੇ ਵੇਚਦਾ ਸੀ, ਅਸਲ ਵਿੱਚ ਜੋਨੇਥਨ ਇੱਕ ਬੇਘਰ ਹੈ, ਜਿਸ ਕੋਲ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਜਿਆਦਾ ਪੈਸੇ ਨਹੀਂ ਸਨ, ਜਿਸ ਲਈ ਉਸਨੇ ਇਸ ਢੰਗ ਨਾਲ ਆਪਣਾ ਕੰਮ ਸ਼ੁਰੂ ਕਰਨ ਦੀ ਸੋਚੀ। ਉਸਦੀ ਇੱਕ ਵੀਡੀਓ ਟਿਕਟੋਕ ‘ਤੇ ਵੀ ਵਾਇਰਲ ਹੋਈ ਸੀ। ਆਕਲੈਂਡ ਕਾਉਂਸਲ ਨੇ 3 ਹਫਤੇ ਪਹਿਲਾਂ ਇਸ ਕਾਰੋਬਾਰ ਨੂੰ ਕਰਨ ਲਈ ਲਾਇਸੈਂਸ ਹਾਸਿਲ ਕਰਨ ਦੀ ਗੱਲ ਕਹੀ।
ਇਸ ਸਭ ਤੋਂ ਬਾਅਦ ਉਸਦੀ ਮੱਦਦ ਲਈ ਇੱਕ ਗਿਵ ਅ ਲਿਟਲ ਪੇਜ ਸ਼ੁਰੂ ਕੀਤਾ ਗਿਆ, ਜਿਸ ਰਾਂਹੀ ਹੁਣ ਤੱਕ ਉਸਨੂੰ $12,000 ਦੀ ਮੱਦਦ ਕੀਤੀ ਜਾ ਚੁੱਕੀ ਹੈ। ਜੋਨੇਥਨ ਨੇ ਇਸ ਪੈਸੇ ਨਾਲ ਆਕਲੈਂਡ ਦੀ ਰੁਟਲੈਂਡ ਸਟਰੀਟ ਵਿੱਚ ਆਪਣੇ ਕਾਰੋਬਾਰ ਲਈ 2 ਸਾਲਾਂ ਲਈ ਲੀਜ਼ ‘ਤੇ ਥਾਂ ਲੈ ਲਈ ਹੈ, ਜਿੱਥੋਂ ਉਹ ਆਪਣਾ ਕੌਫੀ ਵੇਚਣ ਦਾ ਕਾਰੋਬਾਰ ਕਰੇਗਾ। ਨਿਊਜੀਲੈਂਡ ਵਾਸੀਆਂ ਦੀ ਦਰਿਆਦਿਲੀ ਲਈ ਉਹ ਦਿਲੋਂ ਧੰਨਵਾਦੀ ਹੈ।