ਮਾਲਵਿੰਦਰ ਸਿੰਘ ਸੰਧੂ ਦੀ ‘ਜਿੰਦਗੀ ਇੱਕ ਰੰਗਮੰਚ’ ਸਿਡਨੀ ਵਿਖੇ ਹੋਈ ਲੋਕ ਅਰਪਣ

Spread the love

ਮਾਲਵਿੰਦਰ ਸਿੰਘ ਸੰਧੂ ਦੀ ਕਾਵਿਕ ਪੁਸਤਕ “ਜ਼ਿੰਦਗੀ ਇੱਕ ਰੰਗ ਮੰਚ” ਲੋਕ- ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਿਡਨੀ ਤੋਂ ਮਾਲਵਿੰਦਰ ਸਿੰਘ ਸੰਧੂ ਦੀ ਪਲੇਠੀ ਕਾਵਿ ਪੁਸਤਕ “ਜ਼ਿੰਦਗੀ ਇੱਕ ਰੰਗ ਮੰਚ” ਸਿਡਨੀ ਦੀਆਂ ਸੁਹਿਰਦ ਸ਼ਖਸ਼ੀਅਤਾਂ ਵੱਲੋਂ ਲੋਕ ਅਰਪਿਤ ਕੀਤੀ ਗਈ । ਬਲ਼ੈਕਟਾਊਨ ਦੇ ਮੈਕਸ ਬੀਵਰ ਹਾਲ ਵਿੱਚ ਸੈਂਕੜੇ ਪੰਜਾਬੀ ਮਾਲਵਿੰਦਰ ਨੂੰ ਮੁਬਾਰਕਵਾਦ ਦੇਣ ਲਈ ਪਹੁੰਚੇ। ਪੰਜਾਬੀ ਸੰਗੀਤ ਐਸੋਸੀਏਸ਼ਨ ਵੱਲੋਂ ਕਰਵਾਏ ਇਸ ਸਮਾਗਮ ਦਾ ਅਗਾਜ਼ ਲੋਕ ਗਾਇਕ ਦਵਿੰਦਰ ਸਿੰਘ ਧਾਰੀਆ ਨੇ ਕੀਤਾ। ਸਟੇਜ ਸੈਕਟਰੀ ਦੀ ਸੇਵਾ ਹਰਕੀਰਤ ਸਿੰਘ ਸੰਧਰ ਨੇ ਨਿਭਾਈ । ਬਲੈਕਟਾਊਨ ਕੌਂਸਲ ਤੋਂ ਕੌਂਸਲਰ ਮਨਿੰਦਰ ਸਿੰਘ ਵਿਸ਼ੇਸ਼ ਤੋਰ ਤੇ ਪਹੁੰਚੇ ਅਤੇ ਕੌਂਸਲ ਦੀਆਂ ਵੱਖ- ਵੱਖ ਲਾਇਬ੍ਰੇਰੀ ਵਿਚ ਕਿਤਾਬ ਪਹੁੰਚਾਉਣ ਲਈ ਕਿਹਾ । ਅਮਨ ਬੈਨੀਪਾਲ ਨੇ ਜਿੱਥੇ ਆਪਸੀ ਮੇਲ ਮਿਲਾਪ ਤੇ ਕਵਿਤਾ ਦੇ ਸਿਰਜਣਾਤਮਿਕ ਪੱਖ ਨੂੰ ਛੂਹਿਆ ਉੱਥੇ ਸਾਹਿਬ ਸਿੰਘ ਪੰਨੂ ਨੇ ਕਵਿਤਾਵਾਂ ਦੇ ਸਾਹਿਤਕ ਮਹੱਤਵ ਨੂੰ ਸਮਝਾਇਆ। ਸਿਡਨੀ ਦੇ ਬਾਬਾ ਬੋਹੜ ਗਿਆਨੀ ਸੰਤੋਖ ਸਿੰਘ ਨੇ ਬੀਤੇ ਸਮੇਂ ਦੀਆਂ ਬਾਤਾਂ ਰਾਂਹੀ ਹਾਜ਼ਰੀ ਲਗਵਾਈ । ਸੁਖਮਨਦੀਪ ਕੌਰ ਸੰਧਰ ਨੇ ਕਿਤਾਬਾਂ ਪੜਨ ਦੇ ਘੱਟ ਰਹੇ ਰੁਝਾਨ ਪ੍ਰਤਿ ਚਿੰਤਾ ਪ੍ਰਗਟਾਈ । ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆ ਤੋਂ ਪ੍ਰਭਜੋਤ ਸਿੰਘ ਸੰਧੂ , ਰਾਜਵੰਤ ਸਿੰਘ ਅਤੇ ਬਲਰਾਜ ਸੰਘਾ ਨੇ ਮਾਲਵਿੰਦਰ ਸਿੰਘ ਸੰਧੂ ਦੀ ਕਿਤਾਬ ਦਾ ਤੁਲਨਾਤਮਿਕ ਅਿਧਐਨ
ਪੇਸ਼ ਕੀਤਾ ਅਤੇ ਕਿਤਾਬ ਦੇ ਵੱਖ ਵੱਖ ਵਿਸ਼ਿਆਂ ਨੂੰ ਛੂਹਿਆ। ਕਵੀ ਦਵਿੰਦਰ ਸਿੰਘ ਜਿਤਲਾ ਨੇ ਪ੍ਰਦੇਸੀਆਂ ਲਈ ਕਵਿਤਾ ਪੜ੍ਹ ਹਾਜ਼ਰੀ ਲਵਾਈ । ਲੇਖਕ ਹਰਮੋਹਨ ਸਿੰਘ ਵਾਲੀਆ , ਅਵਤਾਰ ਸਿੰਘ ਸੰਘਾ ਅਤੇ ਬਲਵਿੰਦਰ ਸਿੰਘ ਰੂਬੀ ਨੇ ਕਿਤਾਬ ਸੰਬੰਧੀ ਆਪਣੇ-ਆਪਣੇ ਵਿਚਾਰ ਪ੍ਰਗਟ ਕੀਤੇ । ਰਾਜਵੀਰ ਸਿੰਘ ਨੇ ਮਾਲਵਿੰਦਰ ਨੂੰ ਵਧਾਈ ਦਿੰਦੇ ਕਿਤਾਬ ਦੇ ਪੈਂਡੇ ਦਾ ਸੰਖੇਪ ਵਰਨਣ ਕੀਤਾ । ਕਿਤਾਬ ਦੇ ਲੇਖਕ ਮਾਲਵਿੰਦਰ ਸਿੰਘ ਸੰਧੂ ਨੇ ਕਿਤਾਬ ਲੋਕ ਅਰਪਿਤ ਕਰਦੇ ਸਭ ਦਾ ਧੰਨਵਾਦ ਕੀਤਾ ਅਤੇ ਹਰਕੀਰਤ ਸਿੰਘ ਸੰਧਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਜ਼ਿੰਦਗੀ ਇੱਕ ਰੰਗ ਮੰਚ ਕਿਤਾਬ ਵਿੱਚੋਂ ਕਵਿਤਾ “ਜੱਟ ਬੰਦਾ “ ਕਵਿਤਾ ਪੜ੍ਹ ਸਭ ਨੂੰ ਤਾੜੀਆਂ ਮਾਰਨ ਤੇ ਮਜਬੂਰ ਕਰ ਦਿੱਤਾ । ਲੇਖਕ ਮਾਲਵਿੰਦਰ ਨੇ ਕਿਹਾ ਕੇ ਮੇਰੀ ਇਹ ਪਲੇਠੀ ਕਿਤਾਬ ਤੇ 10 ਸਾਲ ਦੀ ਮਿਹਨਤ ਹੈ ਜੋ ਮੈਂ ਤੁਹਾਡੀ ਨਜ਼ਰ ਕਰ ਰਿਹਾ ਹਾਂ । ਉਹਨਾਂ ਕਿਹਾ ਕੇ ਸਾਡਾ ਪੰਜਾਬੀ ਮਾਂ ਬੋਲੀ ਪ੍ਰਤੀ ਫਰਜ਼ ਬਣਦਾ ਹੈ ਕੇ ਪੰਜਾਬੀ ਸਾਹਿਤ ਪੜੀਏ ਅਤੇ ਅਗਲੀ ਪੀੜੀ ਤੱਕ ਪਹੁੰਚਾਈਏ । ਪਹੁੰਚੇ ਸਾਹਿਤਿਕ ਪ੍ਰੇਮੀਆਂ ਨੇ “ਜ਼ਿੰਦਗੀ ਇੱਕ ਰੰਗ ਮੰਚ “ ਨੂੰ ਨਾਲ ਲੈ ਕੇ ਗਏ ਅਤੇ ਘਰ ਦਾ ਸ਼ਿੰਗਾਰ ਬਨਾਉਣ ਦੀ ਵਚਨਬੰਧਤਾ ਦਹੁਰਾਈ ।