ਆਕਲੈਂਡ ਦੇ ਇਮੀਗ੍ਰੇਸ਼ਨ ਸਲਾਹਕਾਰ ਦੀ ਅਣਗਹਿਲੀ ਕਾਰਨ ਇਸ ਜੋੜੇ ਨੂੰ ਛੱਡਣਾ ਪੈ ਰਿਹਾ ਨਿਊਜੀਲੈਂਡ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਬ੍ਰਾਜੀਲ ਦੇ ਰਹਿਣ ਵਾਲੇ ਨਿਊਟਨ ਸੈਂਟਸ ਤੇ ਉਸਦੀ ਪਤਨੀ ਨੁਬੀਆ ਬੀਤੇ 8 ਸਾਲਾਂ ਤੋਂ ਨਿਊਜੀਲੈਂਡ ਰਹਿ ਰਹੇ ਸਨ, ਪਰ ਇਮੀਗ੍ਰੇਸ਼ਨ ਐਜੰਟ ਦੀ ਇੱਕ ਛੋਟੀ ਜਿਹੀ ਗਲਤੀ ਕਾਰਨ ਉਨ੍ਹਾਂ ਨੂੰ ਨਿਊਜੀਲੈਂਡ ਛੱਡਣਾ ਪੈ ਰਿਹਾ ਹੈ।
ਦਰਅਸਲ ਇਮੀਗ੍ਰੇਸ਼ਨ ਐਜੰਟ ਨੇ ਜੋੜੇ ਲਈ 2021 ਰੈਜੀਡੈਂਸ ਵੀਜਾ ਦੀ ਫਾਈਲ ਲਾਉਣੀ ਸੀ ਤੇ ਇਸ ਲਈ ਜੋੜੇ ਨੇ ਐਜੰਟ ਨੂੰ ਹਜਾਰਾਂ ਡਾਲਰ ਫੀਸ ਦੇ ਵੀ ਅਦਾ ਕੀਤੇ ਸਨ। ਪਰ ਹੁਣ ਇਮੀਗ੍ਰੇਸ਼ਨ ਐਜੰਟ ਇਹ ਕਹਿ ਰਿਹਾ ਹੈ ਕਿ ਸਟਾਫ ਦੀ ਕਮੀ ਕਾਰਨ ਉਹ ਉਨ੍ਹਾਂ ਦੀ ਫਾਈਲ ਲਾਉਣਾ ਭੁੱਲ ਗਿਆ ਤੇ ਫਾਈਲ ਲਾਉਣ ਦੀ ਆਖਰੀ ਤਾਰੀਖ ਨਿਕਲਣ ਕਾਰਨ ਹੁਣ ਜੋੜੇ ਨੂੰ ਨਿਊਜੀਲੈਂਡ ਛੱਡਣਾ ਪਏਗਾ। ਇਮੀਗ੍ਰੇਸ਼ਨ ਐਜੰਟ ਸਨਰਾਈਜ਼ ਸਰਵਿਸਜ਼ ਦੇ ਨਾਮ ਤੋਂ ਆਕਲੈਂਡ ਵਿੱਚ ਕੰਮ ਕਰਦਾ ਹੈ ਤੇ ਜੋੜੇ ਨੇ $4000 ਦੀ ਰਾਸ਼ੀ ਇਸਨੂੰ ਅਦਾ ਕੀਤੀ ਸੀ। ਜੋੜੇ ਦਾ ਕਹਿਣਾ ਹੈ ਕਿ ਉਹ ਵਾਰ-ਵਾਰ ਇਮੀਗ੍ਰੇਸ਼ਨ ਐਜੰਟ ਨੂੰ ਐਪਲੀਕੇਸ਼ਨ ਲਾਉਣ ਲਈ ਸੰਪਰਕ ਕਰਦੇ ਰਹੇ ਤੇ ਹਰ ਵਾਰ ਉਨ੍ਹਾਂ ਨੂੰ ਭਰੋਸਾ ਦੁਆਉਣ ਦੇ ਬਾਵਜੂਦ ਉਨ੍ਹਾਂ ਦੀ ਫਾਈਲ ਨਹੀਂ ਲੱਗੀ। ਇਸ ਸ਼੍ਰੇਣੀ ਲਈ ਫਾਈਲ ਲਾਉਣ ਦੀ ਆਖਰੀ ਤਾਰੀਖ 31 ਜੁਲਾਈ 2022 ਸੀ।
ਇਸ ਮਾਮਲੇ ਨੂੰ ਜੋੜੇ ਵਲੋਂ ਕੋਰਟ ਤੱਕ ਵੀ ਲੈ ਜਾਇਆ ਗਿਆ, ਜਿੱਥੇ ਇਮੀਗ੍ਰੇਸ਼ਨ ਐਜੰਟ ਨੂੰ $2500 ਜੁਰਮਾਨੇ ਦੇ ਤੇ $8000 ਹਰਜਾਨੇ ਦੇ ਅਦਾ ਕਰਨ ਦੇ ਹੁਕਮ ਹੋਏ। ਪਰ ਜੋੜੇ ਅਨੁਸਾਰ ਉਨ੍ਹਾਂ ਦੀ ਪੱਕੀ ਰਿਹਾਇਸ਼ ਹਾਸਿਲ ਕਰਨ ਦੀ ਚਾਹ ਇੱਕ ਛੋਟੀ ਜਿਹੀ ਗਲਤੀ ਕਾਰਨ ਹਮੇਸ਼ਾ ਲਈ ਉਨ੍ਹਾਂ ਤੋਂ ਦੂਰ ਹੋ ਗਈ ਹੈ, ਕਿਉਂਕਿ ਉਹ ਹੋਰ ਕਿਸੇ ਵੀ ਰੈਜੀਡੈਂਸੀ ਪਾਥਵੇਅ ਦੇ ਯੋਗ ਨਹੀਂ ਹਨ।
ਇਸ ਮਾਮਲੇ ਵਿੱਚ ਜੋੜੇ ਨੇ ਇਮੀਗ੍ਰੇਸ਼ਨ ਮਨਿਸਟਰ ਐਰੀਕਾ ਸਟੇਨਫੋਰਡ ਨੂੰ ਵੀ ਸੰਪਰਕ ਕੀਤਾ ਹੈ, ਪਰ ਇਮੀਗ੍ਰੇਸ਼ਨ ਨਿਊਜੀਲੈਂਡ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕਿਸੇ ਬੰਦ ਸ਼੍ਰੇਣੀ ਤਹਿਤ ਅਪਲਾਈ ਕਰਵਾਉਣ ਲਈ ਅਜਿਹਾ ਕੋਈ ਵਿਸ਼ੇਸ਼ ਅਧਿਕਾਰ ਮੌਜੂਦ ਨਹੀਂ ਹੈ।