ਲੋਕ ਸਭਾ ਚੋਣਾਂ ਨੂੰ ਲੈਕੇ ਅਖਾੜਾ ਭਖਿਆ ਪਰ ਵੋਟਰ ਹਾੜੀ ਦੇ ਕੰਮਾਂ ਵਿੱਚ ਵਿਆਸਥ

Spread the love

ਆਪਣੇ ਰੁੱਸਿਆ ਨੂੰ ਮਨਾਉਣ ਤੋਂ ਲੈਕੇ ਸਿਆਸੀ ਜ਼ਮੀਨ ਸਿਰਜਣ ਲਈ ਜੂਝ ਰਹੇ ਹਨ ਕਈ ਉਮੀਦਵਾਰ

ਦਿੜ੍ਹਬਾ ਮੰਡੀ,19 ਅਪ੍ਰੈਲ ਸਤਪਾਲ ਸਿੰਘ ਖਡਿਆਲ
+91 98724 59691

ਲੋਕ ਸਭਾ ਚੋਣਾਂ ਨੂੰ ਲੈਕੇ ਸਜੇ ਮੈਦਾਨ ਅੰਦਰ ਮੌਜੂਦਾ ਹੁਕਮਰਾਨ ਆਮ ਆਦਮੀ ਪਾਰਟੀ, ਕਾਂਗਰਸ, ਸ੍ਰੋਮਣੀ ਅਕਾਲੀ ਦਲ ਬਾਦਲ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਬਸਪਾ , ਆਜ਼ਾਦ ਉਮੀਦਵਾਰ ਵੋਟਰਾਂ ਦੇ ਬੂਹੇ ਤੇ ਦਸਤਕ ਦੇਣ ਜਾ ਰਹੇ ਹਨ। ਪਰ ਦੇਸ਼ ਦੀ ਸੱਤਾ ਦੇ ਕਾਬਜ ਭਾਜਪਾ ਨੇ ਸੰਗਰੂਰ ਲੋਕ ਸਭਾ ਤੋਂ ਆਪਣਾ ਉਮੀਦਵਾਰ ਐਲਾਨ ਨਹੀਂ ਕੀਤਾ।

ਜ਼ਿਮਨੀ ਚੋਣਾਂ ਵਿੱਚ ਕਸਮਕਸ ਮੁਕਾਬਲੇ ਵਿਚ ਥੋੜੇ ਫਰਕ ਨਾਲ ਜੇਤੂ ਰਹੇ ਮੌਜੂਦਾ ਪਾਰਲੀਮੈਂਟ ਮੈਂਬਰ ਸ੍ਰ ਸਿਮਰਨਜੀਤ ਸਿੰਘ ਮਾਨ ਦੁਬਾਰਾ ਅਖਾੜੇ ਵਿੱਚ ਹਨ। ਜਦਕਿ ਕਾਂਗਰਸ ਨੇ ਵੀ ਉਹਨਾਂ ਵਰਗੀ ਹੀ ਵਿਚਾਰਧਾਰਾ ਰੱਖਣ ਵਾਲੇ ਬੇਬਾਕ ਬੁਲਾਰੇ ਸ੍ਰ ਸੁਖਪਾਲ ਸਿੰਘ ਖਹਿਰਾ ਨੂੰ ਦੁਆਬਾ ਤੋਂ ਲਿਆ ਕੇ ਸੀਪ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਸ੍ਰੋਮਣੀ ਅਕਾਲੀ ਦਲ ਬਾਦਲ ਨੇ ਸਾਬਕਾ ਵਿਧਾਇਕ ਸ੍ਰ ਇਕਬਾਲ ਸਿੰਘ ਝੂੰਦਾ ਨੂੰ ਵੋਟਰਾਂ ਦੀ ਤਕੜੀ ਵਿਚ ਤੋਲਣ ਲਈ ਉਤਾਰ ਦਿੱਤਾ। ਪਿਛਲੀ ਅੱਧੀ ਸਦੀ ਤੋਂ ਦਲਿਤ ਸਮਾਜ ਨੂੰ ਸਿਆਸੀ ਧੁਰਾ ਬਣਾ ਕੇ ਹਾਥੀ ਤੇ ਸਵਾਰ ਬਸਪਾ ਵੱਲੋਂ ਡਾ ਮੱਖਣ ਸਿੰਘ ਨੂੰ ਕੰਮੀਆਂ ਦੇ ਵਿਹੜੇ ਦਾ ਸੂਰਜ ਬਣਾ ਕੇ ਭੇਜਿਆ ਹੈ। ਕਾਂਗਰਸ ਸਰਕਾਰ ਸਮੇਂ ਨੌਕਰੀ ਤੋਂ ਬਰਖਾਸਤ ਹੋਏ ਸ੍ਰ ਬਲਵਿੰਦਰ ਸਿੰਘ ਸੇਖੋਂ ਆਜ਼ਾਦ ਉਮੀਦਵਾਰ ਵਜੋਂ ਵੱਡੀ ਲਲਕਾਰ ਬਣ ਕੇ ਸਿਆਸਤ ਦੇ ਖਿਡਾਰੀਆਂ ਨੂੰ ਟੱਕਰਨਗੇ।

ਇੰਨੀ ਦਿਨੀਂ ਸਿਆਸੀ ਪਾਰਟੀਆਂ ਵਲੋਂ ਸਰਗਰਮੀਆਂ ਤੇਜ਼ ਕਰਕੇ ਚੋਣਾਂ ਦਾ ਬਿਗੁਲ ਵਜਾ ਦਿੱਤਾ ਹੈ। ਪਰ ਲ਼ੋਕ ਹਾੜੀ ਦੀ ਫਸਲ ਦੀ ਕਟਾਈ ਨੂੰ ਲੈਕੇ ਵਿਅਸਥ ਹਨ। ਇਹ ਸੀਜਨ ਅਗਲੀ 10 ਮਈ ਤੱਕ ਮੁੰਕਮਲ ਹੋਣ ਦੀ ਸੰਭਾਵਨਾ ਹੈ।

ਅਜਿਹੇ ਵਿਚ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਵੱਡੀ ਚੁਣੌਤੀ ਫਿਲਹਾਲ ਸ੍ਰ ਪ੍ਰਮਿੰਦਰ ਸਿੰਘ ਢੀਂਡਸਾ ਧੜੇ ਦੀ ਹੈ। ਜਿਨ੍ਹਾਂ ਦੇ ਵਰਕਰਾਂ ਵੱਲੋ ਸੋਸ਼ਲ ਮੀਡੀਆ ਦੇ ਜਰੀਏ ਆਪਣੇ ਵਲਵਲੇ ਜਾਹਿਰ ਕੀਤੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸ੍ਰ ਇਕਬਾਲ ਸਿੰਘ ਝੂੰਦਾ ਨੂੰ ਆਪਣਾ ਊਮੀਦਵਾਰ ਬਣਾ ਕੇ ਵੋਟਰਾਂ ਦੀ ਤਿੱਕੜੀ ਵਿਚ ਉਤਰਨ ਲਈ ਭੇਜਿਆ ਹੈ। ਪਰ ਉਹ ਆਪ ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਨਾਲ ਸਬੰਧਤ ਹਨ ਜਿਨ੍ਹਾਂ ਦਾ ਆਪਣਾ ਨਿੱਜੀ ਹਲਕਾ ਅਮਰਗੜ੍ਹ ਸੰਗਰੂਰ ਪਾਰਲੀਮੈਂਟ ਦਾ ਹਿੱਸਾ ਨਹੀਂ ਹੈ। ਇਸ ਕਰਕੇ ਵੀ ਉਹਨਾਂ ਨੂੰ ਆਪਣੀ ਨਿੱਜੀ ਕਈ ਹਜਾਰ ਵੋਟ ਤੋਂ ਸੱਖਣੇ ਰਹਿਣਾ ਪਵੇਗਾ।

ਖਾਲਿਸਤਾਨ ਦੀ ਸਿਆਸਤ ਕਰਨ ਵਾਲੇ ਬਜ਼ੁਰਗ ਆਗੂ ਸ੍ਰ ਸਿਮਰਨਜੀਤ ਸਿੰਘ ਮਾਨ ਜੋਕਿ ਪਿਛਲੇ ਸਮੇਂ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲ਼ਾ ਅਤੇ ਦੀਪ ਸਿੱਧੂ ਦੀ ਬੇਵਕਤੀ ਮੌਤ ਕਾਰਣ ਆਪ ਸਰਕਾਰ ਨਾਲ ਨਾਰਾਜ ਵੋਟ ਬੈਂਕ ਨੂੰ ਖਿੱਚਣ ਵਿਚ ਸਫ਼ਲ ਰਹੇ ਸਨ। ਉਹਨਾਂ ਭਾਈ ਅਮ੍ਰਿਤਪਾਲ ਸਿੰਘ, ਹਰਦੀਪ ਸਿੰਘ ਨਿੱਝਰ, ਅਮਰੀਕ ਸਿੰਘ ਖੰਡਾ ਵਰਗੇ ਨੌਜਵਾਨਾਂ ਦੀ ਗੱਲ ਵੀ ਚੁੱਕੀ ਹੈ ਪਰ ਵੋਟਰਾਂ ਵਿਚ ਇਸਦਾ ਕੀ ਪ੍ਰਭਾਵ ਹੈ ਇਹ ਦੇਖਣਾ ਹੋਵੇਂਗਾ। ਐਤਕੀ ਸੁਖਪਾਲ ਸਿੰਘ ਖਹਿਰਾ ਨਾਲ ਸੈਮੀ ਫਾਈਨਲ ਵਿੱਚ ਸਰੇਆਮ ਭਿੜਦੇ ਦਿਖਾਈ ਦਿੰਦੇ ਹਨ। ਜੇਕਰ ਬਾਗੀ ਤਬੀਅਤ ਵਾਲੀ ਵੋਟ ਖਹਿਰਾ ਖਿੱਚਣ ਵਿਚ ਕਾਮਯਾਬ ਹੋ ਗਏ ਤਾਂ ਮਾਨ ਲਈ ਦਿੱਲੀ ਦੂਰ ਹੋ ਸਕਦੀ ਹੈ।

ਕਾਂਗਰਸ ਨੂੰ ਪੰਜਾਬ ਦੀ ਸੱਤਾ ਵਿਚ ਵਾਪਸੀ ਲਈ ਬੇਸ਼ੱਕ ਹਰ ਹਲਕੇ ਵਿੱਚ ਚੰਗੇ ਉਮੀਦਵਾਰਾਂ ਦੀ ਅਗਵਾਈ ਮਿਲੀ ਹੈ। ਪਰ ਪਾਰਟੀ ਦੀ ਅੰਦਰੂਨੀ ਫੁੱਟ ਵੀ ਜੱਗ ਜ਼ਾਹਿਰ ਹੈ। ਖਹਿਰਾ ਹਲਕਾ ਸੰਗਰੂਰ ਚ ਵੋਟਰਾਂ ਨੂੰ ਮਿਲਣ ਤੋਂ ਪਹਿਲਾਂ ਆਪਣੀਆਂ ਨੂੰ ਵਿਸਵਾਸ ਚ ਲੈਕੇ ਚੱਲਣ ਦੀ ਕੋਸਿਸ ਕਰਦੇ ਨਜ਼ਰ ਆ ਰਹੇ ਹਨ। ਕਾਂਗਰਸ ਦੇ ਹਰ ਹਲਕੇ ਵਿੱਚ ਦੋ ਜਾ ਇਸ ਤੋਂ ਵੱਧ ਧੜੇ ਹਨ ਜੋ ਇੱਕ ਦੂਜੇ ਨੂੰ ਵਿਰੋਧੀਆਂ ਵਾਂਗ ਟੱਕਰਦੇ ਹਨ। ਅਜਿਹੇ ਵਿਚ ਹੀ ਕਾਂਗਰਸ ਕਈ ਵਾਰੀ ਪਛੜਦੀ ਨਜਰ ਆਈ ਹੈ।

ਮੌਜੂਦਾ ਸਰਕਾਰ ਦੇ ਵਲੋ ਨੌਜਵਾਨ ਖੇਡ ਮੰਤਰੀ ਸ੍ਰ ਗੁਰਮੀਤ ਸਿੰਘ ਹੇਅਰ (ਮੀਤ ਹੇਅਰ) ਨੂੰ ਮੈਦਾਨ ਵਿਚ ਉਤਾਰਨ ਨਾਲ ਮੁਕਾਬਲਾ ਸਖ਼ਤ ਬਣ ਗਿਆ ਹੈ। ਖੇਡ ਮੰਤਰੀ ਮੀਤ ਹੇਅਰ ਨੇ ਬੇਸ਼ਕ ਪੰਜਾਬ ਦੀ ਖੇਡ ਨੀਤੀ ਵਿਚ ਵੱਡੇ ਸੁਧਾਰ ਕੀਤੇ ਹਨ। ਪਰ ਕਬੱਡੀ ਖੇਡ ਜਗਤ ਉਹਨਾਂ ਨਾਲ ਇੱਕ ਦੋ ਘਟਨਾਵਾਂ ਨੂੰ ਇਨਸਾਫ ਦੀ ਰੌਸ਼ਨੀ ਤੱਕ ਨਾ ਲੈਕੇ ਜਾਣ ਕਾਰਣ ਨਾਰਾਜ ਵੀ ਹੈ। ਜਿਵੇਂ ਕਿ ਪ੍ਰਸਿੱਧ ਕਬੱਡੀ ਖਿਡਾਰੀ ਸਵ ਸੰਦੀਪ ਸਿੰਘ ਸੰਧੂ ਨੰਗਲ ਅੰਬੀਆ ਦੀ ਮੌਤ ਬਾਰੇ ਸਰਕਾਰ ਤੇ ਖੇਡ ਵਿਭਾਗ ਪੰਜਾਬ ਨੇ ਕੋਈ ਇਨਸਾਫ ਵੱਲ ਲੋਕਾਂ ਨੂੰ ਯਕੀਨ ਦਿਵਾਉਣ ਵਾਲਾ ਕਦਮ ਨਹੀਂ ਪੁੱਟਿਆ। ਜਲੰਧਰ ਚੋਣ ਸਮੇਂ ਪਰਿਵਾਰ ਨੂੰ ਵਿਸਵਾਸ ਲੈਕੇ ਸਿਰਫ ਸਿਆਸਤ ਹੀ ਖੇਡੀ ਗਈ ਹੈ। ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪੰਮਾ ਠੀਕਰੀਵਾਲ, ਰਾਜਾ ਰਾਏਸਰ, ਮੀਤਾ ਚੀਮਾ ਜੋਧਪੁਰ, ਵਜੀਰਾ ਅਮਲਾ ਸਿੰਘ ਆਦਿ ਨੂੰ ਇਕ ਲੜਾਈ ਦੌਰਾਨ ਪਰਚਿਆਂ ਵਿਚ ਜੇਲ੍ਹ ਸੁੱਟ ਦੇਣ ਨਾਲ ਬਰਨਾਲਾ ਜ਼ਿਲ੍ਹੇ ਦੇ ਕਬੱਡੀ ਪ੍ਰੇਮੀਆਂ ਵਿੱਚ ਕਾਫ਼ੀ ਨਾਰਾਜ਼ਗੀ ਹੈ। ਪਰ ਸੂਬੇ ਵਿਚ ਸਰਕਾਰ ਹੋਣ ਕਾਰਣ ਮੀਤ ਹੇਅਰ ਦੀ ਸਥਿਤੀ ਚੰਗੀ ਬਣੀ ਹੋਈ ਹੈ। ਆਮ ਵਰਕਰਾਂ ਤੋਂ ਦੂਰੀ ਬਣਾ ਚੁੱਕੇ ਆਪ ਲੀਡਰ ਆਮ ਆਦਮੀ ਪਾਰਟੀ ਲਈ ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਸਖ਼ਤ ਚੁਣੌਤੀਆਂ ਦਾ ਸਾਹਮਣਾ ਕਰਨਗੇ।

ਆਜ਼ਾਦ ਉਮੀਦਵਾਰ ਸ੍ਰ ਬਲਵਿੰਦਰ ਸਿੰਘ ਸੇਖੋਂ ਸਾਬਕਾ ਡੀ ਐਸ ਪੀ ਪਿਛਲੇ ਕਈ ਮਹੀਨਿਆਂ ਤੋਂ ਬਰਨਾਲਾ ਸੰਗਰੂਰ ਵਿਚ ਸਰਗਰਮ ਹਨ। ਜੋ ਸਰਕਾਰ ਤੇ ਸਿਸਟਮ ਦੀਆਂ ਵਧੀਕੀਆਂ ਦਾ ਖੁੱਲ ਕੇ ਵਿਰੋਧ ਕਰ ਰਹੇ ਹਨ। ਬਾਗੀ ਸੁਰਾਂ ਅਲਾਪਣ ਵਾਲੇ ਲੋਕਾਂ ਦਾ ਹਲਕਾ ਹੋਣ ਕਾਰਣ ਸੇਖੋਂ ਨੇ ਇਸ ਨੂੰ ਚੁਣਿਆ ਹੈ।

ਡਾਕਟਰ ਮੱਖਣ ਸਿੰਘ ਨੂੰ ਬਸਪਾ ਨੇ ਆਪਣਾ ਊਮੀਦਵਾਰ ਬਣਾਇਆ ਹੈ। ਪਿਛਲੇ ਸਮੇਂ ਤੋਂ ਅਕਾਲੀ ਦਲ ਬਾਦਲ ਨਾਲ ਗੱਠਜੋੜ ਚ ਰਹੇ ਬਸਪਾ ਇਸ ਵਾਰੀ ਇਕੱਲੇ ਚੋਣ ਲੜ ਰਹੇ ਹਨ। ਹਮੇਸ਼ਾ ਦੀ ਤਰ੍ਹਾਂ ਦਲਿਤ ਸਮਾਜ ਉੱਤੇ ਦਾਅ ਖੇਡਣ ਵਾਲੀ ਬਸਪਾ ਨੂੰ ਦਲਿਤਾਂ ਦਾ ਕਿੰਨਾ ਸਮਰਥਨ ਮਿਲਦਾ ਹੈ। ਇਹ ਦੇਖਣਾ ਬਾਕੀ ਹੈ। ਦਲਿਤ ਸਮਾਜ ਵੀ ਕਈ ਹਿੱਸਿਆ ਵਿਚ ਵੋਟਰ ਦੇ ਤੌਰ ਤੇ ਵੰਡਿਆ ਜਾਣ ਕਾਰਣ ਬਸਪਾ ਨੂੰ ਸੰਗਰੂਰ ਜਾ ਮਾਲਵਾ ਖਿੱਤੇ ਵਿੱਚ ਵਧੇਰੇ ਸਫਲਤਾ ਮਿਲਦੀ ਨਜ਼ਰ ਨਹੀਂ ਆ ਰਹੀ।

ਦੇਸ਼ ਦੀ ਸੱਤਾ ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਨੂੰ ਜਿੱਥੇ ਅਰਬਨ ਏਰੀਏ ਵਿੱਚ ਸਮਰਥਨ ਮਿਲਦਾ ਦਿਖਾਈ ਦਿੰਦਾ ਹੈ। ਪਰ ਪਿੰਡਾ ਵਿੱਚ ਕਿਸਾਨਾਂ ਵੱਲੋ ਕੀਤੇ ਜਾ ਰਹੇ ਲਗਾਤਾਰ ਵਿਰੋਧ ਕਾਰਣ ਸਥਿਤੀ ਕਮਜੋਰ ਬਣੀ ਹੋਈ ਹੈ। ਫਿਲਹਾਲ ਸੰਗਰੂਰ ਲੋਕ ਸਭਾ ਤੋਂ ਬੀਜੇਪੀ ਵਲੋਂ ਟਿਕਟ ਲਈ ਸਾਬਕਾ ਵਿਧਾਇਕ, ਕਾਰੋਬਾਰੀ, ਉੱਘੇ ਸਮਾਜ ਸੇਵਕ ਅਰਵਿੰਦ ਖੰਨਾ, ਦਮਨ ਬਾਜਵਾ ਸੁਨਾਮ, ਰਣਧੀਰ ਸਿੰਘ ਕਲੇਰ ਆਦਿ ਆਗੂ ਅਗਲੀ ਲਾਈਨ ਵਿੱਚ ਹਨ।

ਅਗਲੇ ਦਿਨਾਂ ਵਿਚ ਲ਼ੋਕ ਸਭਾ ਚੋਣਾਂ ਦੀਆਂ ਵਧਦੀਆਂ ਸਰਗਰਮੀਆਂ ਵਿਚ ਕੀ ਬਣਨਾ ਹੈ ਇਹ ਸਮੇਂ ਦੇ ਗਰਭ ਵਿੱਚ ਹੈ।।